- ਮਹਿਲਾ ਹਾਕੀ ਟੀਮ ਕੁਆਲੀਫਾਇਰ ਮੈਚ ‘ਚ ਕਾਂਸੀ ਤਮਗਾ ਹਾਰੀ
- ਜਾਪਾਨ ਨੇ 1-0 ਨਾਲ ਹਰਾਇਆ
ਨਵੀਂ ਦਿੱਲੀ, 20 ਜੰਨਵਰੀ 2024 – ਭਾਰਤੀ ਮਹਿਲਾ ਹਾਕੀ ਟੀਮ ਦਾ ਪੈਰਿਸ ਓਲੰਪਿਕ ਖੇਡਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਟੋਕੀਓ ਓਲੰਪਿਕ ‘ਚ ਟਾਪ-4 ‘ਚ ਰਹੀ ਭਾਰਤੀ ਟੀਮ ਓਲੰਪਿਕ ਟਿਕਟ ਹਾਸਲ ਕਰਨ ‘ਚ ਅਸਫਲ ਰਹੀ ਹੈ।
ਸ਼ੁੱਕਰਵਾਰ ਨੂੰ ਭਾਰਤੀ ਟੀਮ ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਜਾਪਾਨ ਨੇ 1-0 ਨਾਲ ਹਰਾ ਦਿੱਤਾ ਹੈ। ਜਾਪਾਨ ਲਈ ਕਾਨਾ ਉਰਤਾ ਨੇ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਇਸ ਤੋਂ ਬਾਅਦ ਭਾਰਤੀ ਖਿਡਾਰੀ ਬਰਾਬਰੀ ਵਾਲਾ ਗੋਲ ਨਹੀਂ ਕਰ ਸਕੇ।
ਇਸ ਟੂਰਨਾਮੈਂਟ ਦੀਆਂ ਟਾਪ-3 ਟੀਮਾਂ ਨੂੰ ਪੈਰਿਸ ਓਲੰਪਿਕ ਦੀਆਂ ਟਿਕਟਾਂ ਮਿਲੀਆਂ ਹਨ। ਇਨ੍ਹਾਂ ਵਿੱਚ ਅਮਰੀਕਾ, ਜਰਮਨੀ ਅਤੇ ਜਾਪਾਨ ਸ਼ਾਮਲ ਸਨ। ਇੱਕ ਦਿਨ ਪਹਿਲਾਂ ਸੈਮੀਫਾਈਨਲ ਮੈਚ ਵਿੱਚ ਸਡਨ ਡੈਥ-2 ਵਿੱਚ ਭਾਰਤ ਨੂੰ ਜਰਮਨੀ ਤੋਂ ਪੈਨਲਟੀ ਸ਼ੂਟਆਊਟ ਵਿੱਚ 2 (4)-2 (3) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮੈਚ 2-2 ਨਾਲ ਬਰਾਬਰ ਰਿਹਾ। ਅਜਿਹੇ ‘ਚ ਜੇਤੂ ਦਾ ਫੈਸਲਾ ਕਰਨ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲੈਣਾ ਪਿਆ। ਪੈਨਲਟੀ ਸ਼ੂਟਆਊਟ ਵਿੱਚ 3-3 ਨਾਲ ਬਰਾਬਰੀ ਹੋਣ ਤੋਂ ਬਾਅਦ ਮੈਚ ਸਡਨ ਡੈਥ ਵਿੱਚ ਚਲਾ ਗਿਆ।
ਪਹਿਲੀ ਸਡਨ ਡੈਥ ‘ਚ ਭਾਰਤੀ ਟੀਮ ਨੇ ਬਰਾਬਰੀ ਹਾਸਲ ਕੀਤੀ ਪਰ ਸਡਨ ਡੈਥ ‘ਚ ਸਵਿਤਾ ਬਚਾਅ ਨਹੀਂ ਕਰ ਸਕੀ ਅਤੇ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਮਹਿਲਾ ਟੀਮ ਇੰਡੀਆ ਨੇ ਆਪਣੇ ਆਖਰੀ ਲੀਗ ਮੈਚ ‘ਚ ਇਟਲੀ ਨੂੰ 5-1 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਸੀ। ਟੀਮ ਨੇ ਦੂਜੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-1 ਨਾਲ ਹਰਾਇਆ। ਪਹਿਲੇ ਮੈਚ ‘ਚ ਭਾਰਤੀ ਟੀਮ ਨੂੰ ਅਮਰੀਕਾ ਤੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤੀ ਪੁਰਸ਼ ਹਾਕੀ ਟੀਮ ਪਹਿਲਾਂ ਹੀ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੀ ਹੈ। ਟੀਮ ਇੰਡੀਆ ਨੇ ਏਸ਼ੀਅਨ ਖੇਡਾਂ-2022 ਦਾ ਸੋਨ ਤਮਗਾ ਜਿੱਤ ਕੇ ਪੈਰਿਸ ਦੀ ਟਿਕਟ ਹਾਸਲ ਕੀਤੀ ਸੀ।