- ਭਾਰਤੀ ਟੀਮ ਨੇ ਲਗਾਤਾਰ ਆਪਣਾ ਤੀਜਾ ਮੈਚ ਜਿੱਤਿਆ
ਨਵੀਂ ਦਿੱਲੀ, 24 ਜੁਲਾਈ 2024 – ਮੌਜੂਦਾ ਚੈਂਪੀਅਨ ਭਾਰਤ ਨੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਭਾਰਤੀ ਟੀਮ ਨੇ ਆਪਣੇ ਤੀਜੇ ਮੈਚ ਵਿੱਚ ਨੇਪਾਲ ਨੂੰ 82 ਦੌੜਾਂ ਦੇ ਫਰਕ ਨਾਲ ਹਰਾਇਆ। ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ।
ਭਾਰਤੀ ਟੀਮ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਰੰਗੀਰੀ ਦਾਂਬੁਲਾ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 178 ਦੌੜਾਂ ਬਣਾਈਆਂ। ਜਵਾਬੀ ਪਾਰੀ ‘ਚ ਨੇਪਾਲ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 96 ਦੌੜਾਂ ਹੀ ਬਣਾ ਸਕੀ।
ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ 81 ਦੌੜਾਂ ਦੀ ਪਾਰੀ ਖੇਡੀ, ਜਦਕਿ ਦਿਆਲਨ ਹੇਮਲਤਾ ਨੇ 47 ਦੌੜਾਂ ਬਣਾਈਆਂ। ਦੋਵਾਂ ਵਿਚਾਲੇ 122 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਹੋਈ। ਜੇਮਿਮਾਹ ਰੌਡਰਿਗਜ਼ ਨੇ ਨਾਬਾਦ 28 ਦੌੜਾਂ ਬਣਾਈਆਂ। ਸੀਤਾ ਰਾਣਾ ਨੇ ਦੋ ਵਿਕਟਾਂ ਲਈਆਂ, ਜਦਕਿ ਕਵਿਤਾ ਜੋਸ਼ੀ ਨੇ ਇਕ ਵਿਕਟ ਹਾਸਲ ਕੀਤੀ।
ਨੇਪਾਲ ਲਈ ਸੀਤਾ ਰਾਣਾ ਮਗਰ ਨੇ ਸਭ ਤੋਂ ਵੱਧ 18 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ। ਅਰੁੰਧਤੀ ਰੈਡੀ ਅਤੇ ਰਾਧਾ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ।