- ਸਚਿਨ ਸਰਜੇਰਾਓ ਨੇ ਸ਼ਾਟ ਪੁਟ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ
ਨਵੀਂ ਦਿੱਲੀ, 5 ਸਤੰਬਰ 2024 – ਪੈਰਿਸ ਪੈਰਾਲੰਪਿਕਸ ਵਿੱਚ ਭਾਰਤ ਨੇ 7ਵੇਂ ਦਿਨ 2 ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤੇ ਹਨ। ਦੇਰ ਰਾਤ 2 ਵਜੇ ਪੁਰਸ਼ਾਂ ਦੇ ਕਲੱਬ ਥਰੋਅ ਵਿੱਚ ਧਰਮਬੀਰ ਨੇ ਸੋਨ ਤਗਮਾ ਅਤੇ ਪ੍ਰਣਵ ਸੁਰਮਾ ਨੇ ਚਾਂਦੀ ਦਾ ਤਗਮਾ ਜਿੱਤਿਆ। ਉਸ ਤੋਂ ਪਹਿਲਾਂ ਹਰਵਿੰਦਰ ਸਿੰਘ ਨੇ ਤੀਰਅੰਦਾਜ਼ੀ ਵਿੱਚ ਸੋਨੇ ਦਾ ਅਤੇ ਸਚਿਨ ਸਰਜੇਰਾਓ ਨੇ ਸ਼ਾਟ ਪੁਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਭਾਰਤ ਨੇ ਪੈਰਾਲੰਪਿਕ ਇਤਿਹਾਸ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦਿੰਦੇ ਹੋਏ ਹੁਣ ਤੱਕ 24 ਤਗਮੇ ਜਿੱਤੇ ਹਨ। ਭਾਰਤ 5 ਸੋਨ, 9 ਚਾਂਦੀ ਅਤੇ 10 ਕਾਂਸੀ ਦੇ ਤਗਮਿਆਂ ਨਾਲ ਤਮਗਾ ਸੂਚੀ ‘ਚ 13ਵੇਂ ਨੰਬਰ ‘ਤੇ ਹੈ। ਭਾਰਤ ਨੇ ਪੰਜਵੇਂ ਦਿਨ 8 ਅਤੇ ਛੇਵੇਂ ਦਿਨ 5 ਤਗਮੇ ਜਿੱਤੇ। 7ਵੇਂ ਦਿਨ ਦੇਸ਼ ਨੇ 4 ਮੈਡਲ ਜਿੱਤੇ।
ਭਾਰਤ ਨੇ ਪੁਰਸ਼ਾਂ ਦੇ F-51 ਵਰਗ ਦੇ ਕਲੱਬ ਥਰੋਅ ਈਵੈਂਟ ਵਿੱਚ 2 ਤਗਮੇ ਜਿੱਤੇ। ਧਰਮਬੀਰ ਸਿੰਘ ਨੇ 34.92 ਮੀਟਰ ਦੀ ਸਰਵੋਤਮ ਥਰੋਅ ਨਾਲ ਸੋਨ ਤਗਮਾ ਅਤੇ ਪ੍ਰਣਵ ਸੁਰਮਾ ਨੇ 34.59 ਮੀਟਰ ਦੀ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਸਰਬੀਆ ਦੇ ਜੇਲੀਕੋ ਦਿਮਿਤਰੀਜੇਵਿਕ ਨੇ 34.18 ਮੀਟਰ ਦੀ ਸਰਵੋਤਮ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਕਲੱਬ ਥਰੋਅ ਈਵੈਂਟ ਵਿੱਚ ਭਾਰਤ ਕਲੀਨ ਸਵੀਪ ਕਰਕੇ ਤਿੰਨੋਂ ਤਗਮੇ ਜਿੱਤ ਸਕਦਾ ਸੀ ਪਰ ਅਮਿਤ ਕੁਮਾਰ ਨੇ 6 ਕੋਸ਼ਿਸ਼ਾਂ ਵਿੱਚ 4 ਥਰੋਅ ਫਾਊਲ ਕੀਤੇ। ਉਸ ਦੇ ਦੋ ਥਰੋਅ ਸਹੀ ਸਨ, ਜਿਸ ਵਿਚ ਸਰਵੋਤਮ ਸਿਰਫ 23.96 ਮੀਟਰ ਜਾ ਸਕਿਆ। ਜਿਸ ਕਾਰਨ ਅਮਿਤ 10ਵੇਂ ਨੰਬਰ ‘ਤੇ ਰਿਹਾ। F-51 ਸ਼੍ਰੇਣੀ ਵਿੱਚ ਅਜਿਹੇ ਅਥਲੀਟ ਸ਼ਾਮਲ ਹਨ ਜਿਨ੍ਹਾਂ ਦੇ ਅੰਗਾਂ ‘ਚ ਘਾਟ ਹੈ, ਲੱਤਾਂ ਦੀ ਲੰਬਾਈ ਵਿੱਚ ਅੰਤਰ, ਮਾਸਪੇਸ਼ੀ ਦੀ ਤਾਕਤ ਵਿੱਚ ਕਮੀ, ਜਾਂ ਗਤੀ ਦੀ ਰੇਂਜ ਵਿੱਚ ਕਮੀ ਹੈ।
ਹਰਵਿੰਦਰ ਸਿੰਘ ਪੈਰਾਲੰਪਿਕ ਖੇਡਾਂ ਵਿੱਚ ਤੀਰਅੰਦਾਜ਼ੀ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ। ਹਰਵਿੰਦਰ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਦੇ ਰੈਂਕਿੰਗ ਦੌਰ ਵਿੱਚ 9ਵੇਂ ਸਥਾਨ ‘ਤੇ ਰਿਹਾ। 32 ਦੇ ਦੌਰ ਵਿੱਚ, ਉਸਨੇ ਚੀਨੀ ਤਾਈਪੇ ਦੇ ਲੁੰਗ-ਹੁਈ ਸੇਂਗ ਨੂੰ 7-3 ਨਾਲ ਹਰਾਇਆ। ਹਰਵਿੰਦਰ ਨੇ ਪ੍ਰੀ ਕੁਆਰਟਰ ਫਾਈਨਲ ਵਿੱਚ ਸੇਤੀਆਵਾਨ ਨੂੰ 6-2 ਨਾਲ ਹਰਾਇਆ।
ਹਰਵਿੰਦਰ ਨੇ ਕੁਆਰਟਰ ਫਾਈਨਲ ਵਿੱਚ ਕੋਲੰਬੀਆ ਦੇ ਜੂਲੀਓ ਹੈਕਟਰ ਰਮੀਰੇਜ਼ ਖ਼ਿਲਾਫ਼ 6-2 ਨਾਲ ਜਿੱਤ ਦਰਜ ਕੀਤੀ। ਸੈਮੀਫਾਈਨਲ ਵਿੱਚ ਹਰਵਿੰਦਰ ਨੇ ਇਰਾਨ ਦੇ ਮੁਹੰਮਦ ਰੇਜ਼ਾ ਨੂੰ 7-3 ਨਾਲ ਹਰਾਇਆ। ਫਿਰ ਉਸਨੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਸਿਜ਼ੇਕ ਨੂੰ 6-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਹਰਵਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, ‘ਪੈਰਾ ਤੀਰਅੰਦਾਜ਼ੀ ‘ਚ ਸਪੈਸ਼ਲ ਗੋਲਡ’। ਹਰਵਿੰਦਰ ਸਿੰਘ ਨੂੰ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਵਿੱਚ ਸੋਨ ਤਗਮਾ ਜਿੱਤਣ ‘ਤੇ ਵਧਾਈ। ਉਸਦਾ ਧਿਆਨ, ਨਿਸ਼ਾਨਾ ਅਤੇ ਆਤਮਾ ਹੈਰਾਨੀਜਨਕ ਸੀ। ਭਾਰਤ ਤੁਹਾਡੀ ਜਿੱਤ ਤੋਂ ਬਹੁਤ ਖੁਸ਼ ਹੈ।