- ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰਨ ਲਈ ਮੈਦਾਨ ‘ਚ ਉਤਰੇਗਾ ਭਾਰਤ
- ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਸ਼੍ਰੀਲੰਕਾ ਲਈ ਜਿੱਤ ਜ਼ਰੂਰੀ
ਮੁੰਬਈ, 2 ਨਵੰਬਰ 2023 – ਅੱਜ ਯਾਨੀ 2 ਨਵੰਬਰ ਨੂੰ ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਟੀਮ ਵਨਡੇ ਵਿਸ਼ਵ ਕੱਪ 2023 ਦੇ 33ਵੇਂ ਮੈਚ ਵਿੱਚ ਸ਼੍ਰੀਲੰਕਾ ਦਾ ਸਾਹਮਣਾ ਕਰੇਗੀ। ਇਹ ਮੈਚ ਦੁਪਹਿਰ 2 ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।
ਸ਼੍ਰੀਲੰਕਾ ਉਹੀ ਟੀਮ ਹੈ ਜਿਸ ਨੂੰ ਭਾਰਤ ਨੇ 2011 ‘ਚ ਇਸੇ ਮੈਦਾਨ ‘ਤੇ ਹਰਾ ਕੇ 28 ਸਾਲਾਂ ਬਾਅਦ ਦੂਜੀ ਵਾਰ ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਇਸ ਮੈਦਾਨ ‘ਤੇ 12 ਸਾਲ ਬਾਅਦ ਇਕ ਵਾਰ ਫਿਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਮੇਜ਼ਬਾਨ ਭਾਰਤ ਪਹਿਲੇ 6 ਮੈਚ ਜਿੱਤ ਕੇ 12 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਹੈ। ਅੱਜ ਸ਼੍ਰੀਲੰਕਾ ਨੂੰ ਹਰਾ ਕੇ ਟੀਮ ਇੰਡੀਆ ਸੈਮੀਫਾਈਨਲ ਲਈ ਕੁਆਲੀਫਾਈ ਕਰ ਸਕਦੀ ਹੈ ਅਤੇ ਫਿਰ ਤੋਂ ਟੇਬਲ ਟਾਪਰ ਬਣ ਸਕਦੀ ਹੈ।
ਜਦਕਿ ਸ਼੍ਰੀਲੰਕਾ 6 ਮੈਚਾਂ ‘ਚ 2 ਜਿੱਤਾਂ ਅਤੇ 4 ਹਾਰਾਂ ਨਾਲ 4 ਅੰਕਾਂ ਨਾਲ ਅੰਕ ਸੂਚੀ ‘ਚ 7ਵੇਂ ਨੰਬਰ ‘ਤੇ ਹੈ। ਇਕ ਹੋਰ ਹਾਰ ਨਾਲ ਸ਼੍ਰੀਲੰਕਾ ਦੀਆਂ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਜਾਣਗੀਆਂ। ਇਸ ਹਾਰ ਤੋਂ ਬਾਅਦ ਟੀਮ ਨੂੰ ਅਗਲੇ ਦੋ ਮੈਚ ਜਿੱਤਣੇ ਹੋਣਗੇ ਅਤੇ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀ ਹਾਰ ਲਈ ਦੁਆ ਵੀ ਕਰਨੀ ਹੋਵੇਗੀ।
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 167 ਵਨਡੇ ਖੇਡੇ ਗਏ ਹਨ। ਭਾਰਤ ਨੇ 98 ਮੈਚ ਜਿੱਤੇ ਅਤੇ ਸ਼੍ਰੀਲੰਕਾ ਨੇ 57 ਮੈਚ ਜਿੱਤੇ। 11 ਮੈਚ ਬੇਨਤੀਜਾ ਰਹੇ ਹਨ, ਜਦਕਿ ਇਕ ਮੈਚ ਟਾਈ ਵੀ ਰਿਹਾ।
ਇਸ ਦੇ ਨਾਲ ਹੀ ਵਿਸ਼ਵ ਕੱਪ ‘ਚ ਭਾਰਤ ਖਿਲਾਫ ਸ਼੍ਰੀਲੰਕਾ ਦਾ ਰਿਕਾਰਡ ਚੰਗਾ ਰਿਹਾ ਹੈ। ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਹੁਣ ਤੱਕ 9 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਭਾਰਤ ਨੇ 4 ਅਤੇ ਸ਼੍ਰੀਲੰਕਾ ਨੇ 4 ਵਾਰ ਜਿੱਤ ਦਰਜ ਕੀਤੀ ਹੈ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਆਖਰੀ ਵਨਡੇ 17 ਸਤੰਬਰ 2023 ਨੂੰ ਖੇਡਿਆ ਗਿਆ ਸੀ। ਇਹ ਏਸ਼ੀਆ ਕੱਪ ਦਾ ਫਾਈਨਲ ਮੈਚ ਸੀ। ਜਿਸ ਵਿੱਚ ਭਾਰਤ ਨੇ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।