- 2015 ਵਿੱਚ ਦੋਵਾਂ ਟੀਮਾਂ ਵਿਚਕਾਰ ਐਲੀਮੀਨੇਟਰ ਖੇਡਿਆ ਗਿਆ ਸੀ, ਜਿਸ ਵਿੱਚ ਬੈਂਗਲੁਰੂ 71 ਦੌੜਾਂ ਨਾਲ ਜਿੱਤਿਆ ਸੀ
ਅਹਿਮਦਾਬਾਦ, 22 ਮਈ 2024 – IPL 2024 ਵਿੱਚ ਅੱਜ ਐਲੀਮੀਨੇਟਰ ਮੈਚ ਰਾਜਸਥਾਨ ਰਾਇਲਜ਼ ਅਤੇ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿੱਚ ਸ਼ੁਰੂ ਹੋਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।
ਇਸ ਮੈਚ ਵਿੱਚ ਜੇਤੂ ਟੀਮ ਕੁਆਲੀਫਾਇਰ-2 ਲਈ ਕੁਆਲੀਫਾਈ ਕਰੇਗੀ। ਹਾਰਨ ਵਾਲੀ ਟੀਮ ਲੀਗ ਤੋਂ ਬਾਹਰ ਹੋ ਜਾਵੇਗੀ। 2015 ਸੀਜ਼ਨ ਦਾ ਐਲੀਮੀਨੇਟਰ ਮੈਚ ਰਾਜਸਥਾਨ ਅਤੇ ਬੈਂਗਲੁਰੂ ਵਿਚਕਾਰ ਖੇਡਿਆ ਗਿਆ ਸੀ, ਜਿਸ ਵਿੱਚ ਬੈਂਗਲੁਰੂ ਨੇ 71 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
IPL ਦੇ ਪਹਿਲੇ ਸੀਜ਼ਨ ਦਾ ਖਿਤਾਬ ਰਾਜਸਥਾਨ ਨੇ ਜਿੱਤਿਆ। ਇਸ ਤੋਂ ਬਾਅਦ ਟੀਮ ਨੂੰ ਅਜੇ ਦੂਜੇ ਖਿਤਾਬ ਦੀ ਉਡੀਕ ਹੈ। ਉਹ 2022 ਵਿੱਚ ਇੱਕ ਵਾਰ ਰਨਰ ਅੱਪ ਵੀ ਸੀ। ਟੀਮ ਛੇਵੀਂ ਵਾਰ ਪਲੇਆਫ ਦੌਰ ਵਿੱਚ ਪਹੁੰਚੀ ਹੈ। ਆਰਆਰ ਚੌਥੀ ਵਾਰ ਐਲੀਮੀਨੇਟਰ ਮੈਚ ਖੇਡੇਗਾ। ਇਸ ਤੋਂ ਪਹਿਲਾਂ 3 ‘ਚੋਂ 1 ਜਿੱਤਿਆ ਸੀ ਤੇ 2 ਹਾਰਿਆ ਸੀ। ਇਸ ਤੋਂ ਇਲਾਵਾ 1 ਸੈਮੀਫਾਈਨਲ ਖੇਡਿਆ ਗਿਆ, ਜਿਸ ‘ਚ 105 ਦੌੜਾਂ ਨਾਲ ਜਿੱਤ ਦਰਜ ਕੀਤੀ। ਆਰਆਰ ਪਹਿਲੀ ਵਾਰ 2008 ਵਿੱਚ ਨਾਕਆਊਟ ਪੜਾਅ ਵਿੱਚ ਪਹੁੰਚਿਆ ਸੀ ਅਤੇ ਆਖਰੀ ਵਾਰ 2022 ਵਿੱਚ ਪਲੇਆਫ ਲਈ ਕੁਆਲੀਫਾਈ ਕੀਤਾ ਸੀ।
ਬੈਂਗਲੁਰੂ ਨੇ ਹੁਣ ਤੱਕ ਤਿੰਨ ਵਾਰ ਆਈਪੀਐਲ ਫਾਈਨਲ ਵਿੱਚ ਥਾਂ ਬਣਾਈ ਹੈ, ਪਰ ਇੱਕ ਵਾਰ ਵੀ ਟਰਾਫੀ ਨਹੀਂ ਜਿੱਤ ਸਕੀ ਹੈ। ਆਰਸੀਬੀ 9ਵੀਂ ਵਾਰ ਪਲੇਆਫ ਵਿੱਚ ਪਹੁੰਚੀ ਹੈ। ਟੀਮ 5ਵੀਂ ਵਾਰ ਐਲੀਮੀਨੇਟਰ ਮੈਚ ਖੇਡੇਗੀ। ਇਸ ਤੋਂ ਪਹਿਲਾਂ 4 ‘ਚੋਂ 2 ਜਿੱਤੇ ਸਨ ਅਤੇ 2 ਹਾਰੇ ਸਨ। ਇਸ ਤੋਂ ਇਲਾਵਾ 2 ਸੈਮੀਫਾਈਨਲ ਖੇਡੇ ਗਏ, ਜਿਸ ‘ਚ 1 ਜਿੱਤਿਆ ਅਤੇ 1 ਹਾਰਿਆ। ਆਰਸੀਬੀ ਪਹਿਲੀ ਵਾਰ 2009 ਵਿੱਚ ਨਾਕਆਊਟ ਪੜਾਅ ਵਿੱਚ ਪਹੁੰਚੀ ਸੀ ਅਤੇ ਆਖਰੀ ਵਾਰ 2022 ਵਿੱਚ ਪਲੇਆਫ ਲਈ ਕੁਆਲੀਫਾਈ ਕੀਤੀ ਸੀ।
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 31 ਮੈਚ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 15 ਮੈਚ ਆਰਸੀਬੀ ਨੇ ਅਤੇ 13 ਆਰਆਰ ਨੇ ਜਿੱਤੇ ਹਨ। 3 ਮੈਚਾਂ ਦਾ ਨਤੀਜਾ ਨਹੀਂ ਨਿੱਕਲਿਆ। ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਵਿਚਾਲੇ ਸਿਰਫ਼ ਇੱਕ ਮੈਚ ਖੇਡਿਆ ਗਿਆ ਸੀ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਰਾਜਸਥਾਨ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਦੋਵਾਂ ਟੀਮਾਂ ਵਿਚਾਲੇ 2022 ਸੀਜ਼ਨ ਦਾ ਕੁਆਲੀਫਾਇਰ-2 ਖੇਡਿਆ ਗਿਆ। ਜੋ ਕਿ ਅਹਿਮਦਾਬਾਦ ਵਿੱਚ ਹੀ ਖੇਡਿਆ ਗਿਆ ਸੀ ਅਤੇ ਇਸ ਵਿੱਚ ਰਾਜਸਥਾਨ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।