- ਦੋਵੇਂ ਟੀਮਾਂ ਪਹਿਲੀ ਵਾਰ ਫਾਈਨਲ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ
ਚੇਨਈ, 26 ਮਈ 2024 – IPL 2024 ਦਾ ਫਾਈਨਲ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ (ਚੇਪੌਕ), ਚੇਨਈ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ।
ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਸ ਸੈਸ਼ਨ ਦਾ ਕੁਆਲੀਫਾਇਰ-1 ਵੀ ਖੇਡਿਆ ਗਿਆ, ਜਿਸ ‘ਚ ਕੋਲਕਾਤਾ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਕੋਲਕਾਤਾ ਅਤੇ ਹੈਦਰਾਬਾਦ ਪਹਿਲੀ ਵਾਰ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੇ। ਕੇਕੇਆਰ ਚੌਥੀ ਵਾਰ ਅਤੇ ਐਸਆਰਐਚ ਤੀਜੀ ਵਾਰ ਖ਼ਿਤਾਬੀ ਮੈਚ ਵਿੱਚ ਪਹੁੰਚਿਆ ਹੈ। ਕੋਲਕਾਤਾ ਦੋ ਸਾਲ ਬਾਅਦ ਅਤੇ ਹੈਦਰਾਬਾਦ ਪੰਜ ਸਾਲ ਬਾਅਦ ਫਾਈਨਲ ਖੇਡੇਗਾ।
ਕੇਕੇਆਰ ਚੌਥੀ ਵਾਰ ਆਈਪੀਐਲ ਫਾਈਨਲ ਖੇਡਣ ਜਾ ਰਹੀ ਹੈ। ਕੇਕੇਆਰ ਨੇ ਦੋ ਵਾਰ ਖਿਤਾਬ ਵੀ ਜਿੱਤਿਆ ਹੈ। ਲੀਗ ਪੜਾਅ ‘ਚ ਕੋਲਕਾਤਾ ਨੇ 14 ‘ਚੋਂ 9 ਮੈਚ ਜਿੱਤੇ ਸਨ ਅਤੇ ਸਿਰਫ 3 ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ 20 ਅੰਕਾਂ ਨਾਲ ਨੰਬਰ-1 ਬਣ ਕੇ ਪਲੇਆਫ ਲਈ ਕੁਆਲੀਫਾਈ ਕਰਨ ‘ਚ ਸਫਲ ਰਹੀ। ਇਸ ਦੇ ਨਾਲ ਹੀ ਪਹਿਲੇ ਕੁਆਲੀਫਾਇਰ ਵਿੱਚ ਕੋਲਕਾਤਾ ਨੇ ਹੈਦਰਾਬਾਦ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ।
ਹੈਦਰਾਬਾਦ ਨੇ ਡੇਵਿਡ ਵਾਰਨਰ ਦੀ ਕਪਤਾਨੀ ਵਿੱਚ 2016 ਵਿੱਚ ਆਈਪੀਐਲ ਖ਼ਿਤਾਬ ਜਿੱਤਿਆ ਸੀ। ਪਿਛਲੇ ਸੀਜ਼ਨ ‘ਚ ਹੈਦਰਾਬਾਦ ਦੀ ਟੀਮ 10ਵੇਂ ਨੰਬਰ ‘ਤੇ ਸੀ। ਪਰ ਇਸ ਸੀਜ਼ਨ ‘ਚ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਹੈ ਅਤੇ ਖਿਤਾਬ ਜਿੱਤਣ ਦੇ ਕਰੀਬ ਪਹੁੰਚ ਗਈ ਹੈ। ਇਸ ਸੀਜ਼ਨ ਵਿੱਚ ਹੈਦਰਾਬਾਦ ਨੇ 8 ਮੈਚ ਜਿੱਤੇ ਅਤੇ 5 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਹੈਦਰਾਬਾਦ 17 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹਿ ਕੇ ਪਲੇਆਫ ‘ਚ ਪਹੁੰਚਿਆ ਸੀ।
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 27 ਮੈਚ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਕੇਕੇਆਰ ਨੇ 18 ਮੈਚ ਜਿੱਤੇ ਅਤੇ ਹੈਦਰਾਬਾਦ ਨੇ 9 ਮੈਚ ਜਿੱਤੇ ਹਨ।
ਦੋਵਾਂ ਟੀਮਾਂ ਵਿਚਾਲੇ ਇਸ ਸੀਜ਼ਨ ‘ਚ ਦੋ ਮੈਚ ਖੇਡੇ ਗਏ ਸਨ, ਜਿਨ੍ਹਾਂ ‘ਚ ਕੋਲਕਾਤਾ ਨੇ ਜਿੱਤ ਦਰਜ ਕੀਤੀ ਸੀ। ਲੀਗ ਪੜਾਅ ਵਿੱਚ, ਕੇਕੇਆਰ ਨੇ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਸਿਰਫ਼ 4 ਦੌੜਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਦੂਜਾ ਕੁਆਲੀਫਾਇਰ-1 ਖੇਡਿਆ ਗਿਆ, ਉਸ ਮੈਚ ਵਿੱਚ ਕੋਲਕਾਤਾ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ।