ਜਗਰੂਪ ਸਿੰਘ ਜਰਖੜ, ਖੇਡ ਲੇਖਕ
(ਫੋਨ ਨੰਬਰ:-98143-00722)
ਲੁਧਿਆਣਾ, 15 ਮਾਰਚ 2022 – ਪੰਜਾਬ ਦੀ ਜਵਾਨੀ ਨੂੰ ਡਰੱਗ ਮਾਫੀਆ ਅਤੇ ਕਬੱਡੀ ਮਾਫੀਆ ਲੈ ਡੁੱਬੇਗਾ,ਹੁਣ ਤਕ ਹਜ਼ਾਰਾਂ ਨੌਜਵਾਨ ਇਸ ਮਾਫ਼ੀਏ ਦੀ ਭੇਟ ਚੜ੍ਹ ਚੁੱਕੇ ਹਨ,ਕਈ ਜ਼ਿੰਦਗੀ ਗਵਾ ਚੁੱਕੇ ਹਨ ਅਤੇ ਕਈ ਜ਼ਿੰਦਗੀਆਂ ਨੂੰ ਨਰਕ ਬਣਾ ਚੁੱਕੇ ਹਨ। ਮਾਪੇ ਵਿਚਾਰੇ ਵਿਲਕਦੇ ਹੀ ਰਹਿ ਜਾਂਦੇ ਹਨ। ਅੱਜ ਫੇਰ ਕਬੱਡੀ ਮਾਫ਼ੀਏ ਦੀ ਭੇਂਟ ਪੰਜਾਬੀਆਂ ਦੀ ਮਕਬੂਲ ਖੇਡ ਕਬੱਡੀ ਦਾ ਹਰਮਨ ਪਿਆਰਾ ਸੁਪਰਸਟਾਰ ਗਲੇਡੀਏਟਰ ਵਜੋਂ ਜਾਣਿਆ ਜਾਂਦਾ ਸੰਦੀਪ ਨੰਗਲ ਅੰਬੀਆਂ ਦਾ ਪਿੰਡ ਮੱਲ੍ਹੀਆਂ ( ਨੇੜੇ ਨਕੋਦਰ) ਵਿਖੇ,ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਹੈ । ਇਸ ਕਤਲ ਦੀ ਵਜ੍ਹਾ ਕਬੱਡੀ ਖੇਡ ਵਿੱਚ ਖਿਡਾਰੀਆਂ ਦੇ ਆਪਸੀ ਚੱਲ ਰਹੀ ਰੰਜਿਸ਼ ਦਾ ਨਤੀਜਾ ਹੈ।
ਸੰਦੀਪ ਨੰਗਲ ਅੰਬੀਆਂ ਦਾ ਕਤਲ ਉਸ ਵਕਤ ਹੋਇਆ ਜਦੋਂ ਓਹ ਚੱਲ ਰਹੇ ਟੂਰਨਾਮੈਂਟ ਦੀ ਮੁੱਖ ਸਟੇਜ ਤੋਂ ਕਬੱਡੀ ਦੇ ਇੱਕ ਹੋਰ ਖਿਡਾਰੀ ਸੰਦੀਪ ਲੁੱਦਰ ਦੇ ਨਾਲ ਆਪਣੀ ਗੱਡੀ ਵੱਲ ਜਾ ਰਿਹਾ ਸੀ,ਤਾਂ ਸਾਹਮਣੇ ਇਕ ਗੱਡੀ ਵਿੱਚ ਘਾਤ ਲਾਈ ਬੈਠੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਉਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ,ਜਿੰਨਾ ਗੋਲੀਆਂ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਕਤਲ ਨਾਲ ਕਬੱਡੀ ਜਗਤ,ਦੁਨੀਆਂ ਦੇ ਇੱਕ ਮਹਾਨ ਕਬੱਡੀ ਖਿਡਾਰੀ ਤੋਂ ਵਾਂਝਾ ਹੋ ਗਿਆ ਹੈ।
ਸੰਦੀਪ ਸਿੰਘ ਨੰਗਲ ਅੰਬੀਆ ਜਿੰਨ੍ਹਾਂ ਵਧੀਆ ਕਬੱਡੀ ਦਾ ਖਿਡਾਰੀ ਸੀ ਉਸ ਤੋਂ ਵਧ ਕੇ ਉਹ ਕਬੱਡੀ ਦਾ ਇੱਕ ਵਧੀਆ ਪ੍ਰਬੰਧਕ ਵੀ ਸੀ। ਪੰਜਾਬ ਦੇ ਵਿੱਚ ਮੇਜਰ ਕਬੱਡੀ ਲੀਗ ਦੀ ਉਸ ਨੇ ਸਥਾਪਨਾ ਕੀਤੀ। ਇਸ ਲੀਗ ਨੇ ਕਬੱਡੀ ਖੇਡ ਨੂੰ ਵੱਡੇ ਪੱਧਰ ਤੇ ਬੜਾਵਾ ਦਿੱਤਾ। ਉਹ ਕਬੱਡੀ ਖੇਡ ਨੂੰ ਇੱਕ ਅਨੁਸ਼ਾਸਨ-ਬੰਧ ਅਤੇ ਨਿਯਮ-ਬੰਧ ਖੇਡ ਬਣਾਉਣੀ ਚਾਹੁੰਦਾ ਸੀ। ਸੰਦੀਪ ਸਿੰਘ ਨੰਗਲ ਅੰਬੀਆਂ ਦੇ ਨਾਮ ਨਾਲ ਜਾਣਿਆ ਜਾਣ ਵਾਲਾ,ਇਹ ਕਬੱਡੀ ਸਟਾਰ ਹਾਕੀ ਦੇ ਸੁਪਰਸਟਾਰ ਅਤੇ 1975 ਵਿਸ਼ਵ ਕੱਪ ਹਾਕੀ ਦੇ ਚੈਂਪੀਅਨ ਓਲੰਪੀਅਨ ਖਿਡਾਰੀ ਮਹਿੰਦਰ ਸਿੰਘ ਮੁਨਸ਼ੀ ਦੇ ਪਿੰਡ ਦਾ ਵਸਨੀਕ ਸੀ। ਉਹ ਹਰ ਵਰ੍ਹੇ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਦੇ ਨਾਮ ਤੇ ਇਕ ਕਬੱਡੀ ਕੱਪ ਵੀ ਕਰਵਾਉਂਦੇ ਸਨ। ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਵੀ 23 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ,ਪਰ ਬਦਕਿਸਮਤੀ ਨੂੰ ਸੰਦੀਪ ਸਿੰਘ ਨੰਗਲ ਅੰਬੀਆ ਵੀ ਆਪਣੀ ਭਰ ਜਵਾਨੀ ਵਿੱਚ ਆਪਣੇ 2 ਨੰਨ੍ਹੇ ਮੁੰਨੇ ਬੱਚੇ ਅਤੇ ਧਰਮ ਪਤਨੀ ਨੂੰ ਛੱਡ ਕੇ ਲੱਖਾਂ ਕਬੱਡੀ ਪ੍ਰੇਮੀਆਂ ਦੇ ਦਿਲਾਂ ਤੇ ਉੱਤੇ ਗਹਿਰੇ ਦੁੱਖ ਦੇ ਜਖ਼ਮ ਛੱਡ ਗਿਆ ਹੈ।
ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕਤਲ ਕਿਵੇਂ ਹੋਇਆ,ਕਿਸ ਨੇ ਕੀਤਾ,ਕਿਉਂ ਹੋਇਆ,ਇਸ ਦਾ ਇਜ਼ਾਫਾ ਤਾਂ ਅਜੇ ਬਾਅਦ ਵਿੱਚ ਪਤਾ ਲੱਗੇਗਾ,ਪਰ ਇਕ ਖਿਡਾਰੀ ਦੇ ਨਾਲ-2 ਇਹ ਇਕ ਖੇਡ ਭਾਵਨਾ ਅਤੇ ਕਬੱਡੀ ਖੇਡ ਦੇ ਮਾਣ-ਸਤਿਕਾਰ ਦਾ ਵੀ ਕਤਲ ਹੋਇਆ ਹੈ,ਇਸ ਨਾਲ ਕਬੱਡੀ ਖੇਡ ਨੂੰ ਵੀ ਵੱਡੇ ਪੱਧਰ ਤੇ ਢਾਹ ਲੱਗੇਗੀ । ਸਿਆਣੇ ਅਤੇ ਸੂਝਵਾਨ ਲੋਕ ਕਬੱਡੀ ਤੋਂ ਦੂਰ ਚਲੇ ਜਾਣਗੇ। ਨੌਜਵਾਨੀ ਕਬੱਡੀ ਤੋਂ ਬੇਮੁਖ ਹੋਵੇਗੀ,ਕਿਉਂਕਿ ਜਿਸ ਖੇਡ ਦੇ ਨਿਯਮ-ਸਿਧਾਂਤ ਨਹੀਂ ਹਨ,ਜਿਸ ਕਬੱਡੀ ਖੇਡ ਤੇ ਗ਼ੈਰ ਜ਼ਿੰਮੇਵਾਰ ਅਤੇ ਮਾਫੀਆ ਲੋਕਾਂ ਦਾ ਦਬਦਬਾ ਹੋਵੇ,ਓੁਸਦੇ ਅੱਗੇ ਵਧਣ ਅਤੇ ਤਰੱਕੀ ਕਰਨ ਬਾਰੇ ਕਿਵੇਂ ਸੋਚਿਆ ਜਾ ਸਕਦਾ,ਇਹ ਵੀ ਇਕ ਪ੍ਰਸ਼ਨ ਚਿੰਨ੍ਹ ਹੈ ?
ਹਰ ਖੇਡ ਵਿੱਚ ਆਪਸੀ ਨਿਕੇ ਮੋਟੇ ਗਿਲੇ ਸ਼ਿਕਵੇ ਹੁੰਦੇ ਹਨ,ਆਪਸੀ ਨਾਰਾਜ਼ਗੀਆਂ ਹੁੰਦੀਆਂ ਹਨ,ਪਰ ਕਿਸੇ ਦਾ ਕਤਲ ਕਰਨਾ,ਕਿਸੇ ਗਿਲੇ ਸਿਕਵੇ ਜਾਂ ਮਸਲੇ ਦਾ ਹੱਲ ਨਹੀਂ ਹੈ ?? ਦੁਨੀਆਂ ਦੀ ਸਭ ਤੋਂ ਮਕਬੂਲ ਅਤੇ ਦੇਖੀ ਜਾਣ ਵਾਲੀ ਖੇਡ ਫੁਟਬਾਲ ਹੈ,ਪਰ ਉਸ ਵਿੱਚ ਖਿਡਾਰੀਆਂ ਦੇ ਇਸ ਤਰ੍ਹਾਂ ਕਤਲ ਜਾਂ ਖਿਡਾਰੀਆਂ ਦੀ ਬੇਕਦਰੀ ਨਹੀਂ ਹੁੰਦੀ। ਪਰਮਾਤਮਾ ਕਬੱਡੀ ਵਾਲਿਆਂ ਨੂੰ ਸੁਮੱਤ ਬਖਸ਼ੇ। ਅੱਜ ਪੂਰਾ ਖੇਡ ਜਗਤ ਸੰਦੀਪ ਨੰਗਲ ਅੰਬੀਆਂ ਦੀ ਮੌਤ ਦੇ ਸੋਗ ਵਿੱਚ ਡੁੱਬਿਆ ਹੋਇਆ ਹੈ ।
ਪਰ ਜਿਸ ਲੜਕੀ ਦਾ ਸੁਹਾਗ ਉੱਜੜ ਗਿਆ,ਜਿਸ ਦੇ ਸਿਰ ਦਾ ਸਾਈਂ ਚਲਾ ਗਿਆ,ਨੰਨ੍ਹੇ-ਮੁੰਨੇ ਬੱਚੇ ਬਾਪ ਤੋਂ ਯਤੀਮ ਹੋ ਗਏ ਹਨ,ਜਿਹੜੇ ਮਾਂ-ਬਾਪ ਦਾ ਲਾਡਲਾ ਪੁੱਤ ਇਸ ਜਹਾਨੋਂ ਤੁਰ ਗਿਆ। ਜਿਸ ਪਰਿਵਾਰ ਦੀ ਜ਼ਿੰਦਗੀ ਹੀ ਇੱਕ ਹਨ੍ਹੇਰਾ ਬਣ ਗਈ ਹੈ। ਇਸ ਗੱਲ ਦਾ ਜਵਾਬ ਤਾਂ ਸ਼ਾਇਦ ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਕੋਲ ਵੀ ਨਾ ਹੋਵੇ,ਇਹ ਵੀ ਹੈ ਕਿ ਕੁਦਰਤ ਦੀ ਅਦਾਲਤ ਉਨ੍ਹਾਂ ਕਾਤਲਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਕਬੱਡੀ ਖੇਡ ਵਿੱਚ ਖਿਡਾਰੀਆਂ ਤੇ ਗੋਲੀਆਂ ਚੱਲਣੀਆਂ,ਖਿਡਾਰੀਆਂ ਦੇ ਕਤਲ ਹੋਣੇ ਬਹੁਤ ਹੀ ਮੰਦਭਾਗਾ ਹੈ। ਜੇਕਰ ਕਬੱਡੀ ਖੇਡ ਵਿੱਚ ਇਹ ਕੰਮ ਨਾ ਰੁਕਿਆ,ਤਾਂ ਇਸ ਦੇ ਸਿੱਟੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਭਿਆਨਕ ਹੋਣਗੇ। ਪ੍ਰਮਾਤਮਾ ਸੰਦੀਪ ਸਿੰਘ ਨੰਗਲ ਅੰਬੀਆਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇੇਵੇ! ਕਬੱਡੀ ਦੇ ਰਖਵਾਲਿਆਂ ਨੂੰ ਅਜਿਹੀ ਸੋਝੀ ਦੇਵੇ ਕਿ ਇਹ ਕਬੱਡੀ ਖੇਡ,ਇੱਕ ਖੇਡ ਤਕ ਹੀ ਸੀਮਤ ਰਹੇ। ਨਹੀਂ ਤਾਂ ਕਬੱਡੀ ਖੇਡ ਅਤੇ ਕਬੱਡੀ ਖਿਡਾਰੀਆਂ ਦਾ ਰੱਬ ਹੀ ਰਾਖਾ ???