ਕੋਲਕਾਤਾ, 24 ਮਾਰਚ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਮੈਚ ਨੰਬਰ-3 ਵਿੱਚ, ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਰੋਮਾਂਚਕ ਮੈਚ ‘ਚ ਚਾਰ ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਦੇ ਈਡਨ ਗਾਰਡਨ ‘ਚ ਸ਼ਨੀਵਾਰ (23 ਮਾਰਚ) ਨੂੰ ਖੇਡਿਆ ਗਿਆ ਇਹ ਮੈਚ ਬਹੁਤ ਰੋਮਾਂਚਕ ਰਿਹਾ। ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਜਿੱਤ ਲਈ 209 ਦੌੜਾਂ ਦਾ ਟੀਚਾ ਦਿੱਤਾ ਸੀ।
ਇਸ ਦਾ ਪਿੱਛਾ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੇ 145 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ਨੂੰ ਆਖਰੀ ਤਿੰਨ ਓਵਰਾਂ ‘ਚ 60 ਦੌੜਾਂ ਦੀ ਲੋੜ ਸੀ। ਅਜਿਹੇ ‘ਚ ਅਜਿਹਾ ਲੱਗ ਰਿਹਾ ਸੀ ਕਿ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਟੀਚੇ ਦੇ ਨੇੜੇ ਵੀ ਨਹੀਂ ਪਹੁੰਚ ਸਕੇਗੀ। ਪਰ ਦੱਖਣੀ ਅਫ਼ਰੀਕਾ ਦੇ ਦਿੱਗਜ ਖਿਡਾਰੀ ਹੇਨਰਿਕ ਕਲਾਸੇਨ ਨੇ ਸਨਰਾਈਜ਼ਰਜ਼ ਨੂੰ ਆਪਣੇ ਦਮ ‘ਤੇ ਮੈਚ ਜਿੱਤਣ ਦੇ ਕਰੀਬ ਕਰ ਦਿੱਤਾ। ਸਨਰਾਈਜ਼ਰਜ਼ ਨੂੰ ਆਖਰੀ ਓਵਰ ਵਿੱਚ 13 ਦੌੜਾਂ ਦੀ ਲੋੜ ਸੀ। ਇੱਥੇ ਹੇਨਰਿਕ ਕਲਾਸੇਨ, ਜਿਸ ਨੇ ਪੰਜਾਹ ਦੌੜਾਂ ਬਣਾਈਆਂ ਸਨ, ਨੇ ਪਹਿਲੀ ਹੀ ਗੇਂਦ ‘ਤੇ ਛੱਕਾ ਲਗਾਇਆ। ਪਰ ਕੇਕੇਆਰ ਦੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੇ ਆਖਰੀ 5 ਗੇਂਦਾਂ ‘ਤੇ ਸਿਰਫ 2 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਲੈ ਕੇ ਟੀਮ ਨੂੰ 4 ਦੌੜਾਂ ਨਾਲ ਜਿੱਤ ਦਿਵਾਈ।