- ਇੱਕ ਪੋਸਟ ਤੋਂ ਹੁੰਦੀ ਹੈ 11 ਕਰੋੜ ਰੁਪਏ ਤੋਂ ਵੱਧ ਦੀ ਕਮਾਈ !
- ਖਿਡਾਰੀਆਂ ਵਿੱਚ ਰੋਨਾਲਡੋ ਅਤੇ ਮੇਸੀ ਤੋਂ ਬਾਅਦ ਆਉਂਦਾ ਹੈ ਤੀਜਾ ਨੰਬਰ
ਨਵੀਂ ਦਿੱਲੀ, 12 ਅਗਸਤ 2023 – ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਇਕ ਪੋਸਟ ਨਾਲ ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤੀ ਹੀ ਨਹੀਂ ਸਗੋਂ ਏਸ਼ੀਆਈ ਵੀ ਬਣ ਗਏ ਹਨ। ਹਾਲ ਹੀ ਵਿੱਚ Hooper HQ ਨੇ 2023 ਦੀ ਇੰਸਟਾਗ੍ਰਾਮ ਰਿਚ ਲਿਸਟ ਜਾਰੀ ਕੀਤੀ ਹੈ। ਇਸ ਮੁਤਾਬਕ ਵਿਰਾਟ ਇਕ ਇੰਸਟਾਗ੍ਰਾਮ ਪੋਸਟ ਤੋਂ 13 ਲੱਖ 84 ਹਜ਼ਾਰ ਡਾਲਰ (ਕਰੀਬ 11.45 ਕਰੋੜ ਰੁਪਏ) ਕਮਾ ਲੈਂਦੇ ਹਨ।
ਹਾਲਾਂਕਿ, ਇੱਕ ਦਿਨ ਬਾਅਦ ਯਾਨੀ ਅੱਜ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਤੋਂ ਉਨ੍ਹਾਂ ਦੀ ਕਮਾਈ ਦੀਆਂ ਖਬਰਾਂ ਸਹੀ ਨਹੀਂ ਹਨ। ਕੋਹਲੀ ਨੇ ਟਵੀਟ ਕੀਤਾ, ‘ਹਾਲਾਂਕਿ ਮੈਂ ਜ਼ਿੰਦਗੀ ‘ਚ ਜੋ ਵੀ ਮਿਲਿਆ ਉਸ ਲਈ ਮੈਂ ਸ਼ੁਕਰਗੁਜ਼ਾਰ ਹਾਂ, ਪਰ ਮੇਰੀ ਕਮਾਈ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਖਬਰਾਂ ਸੱਚ ਨਹੀਂ ਹਨ।’
ਹੂਪਰ ਹੈੱਡਕੁਆਰਟਰ ਦੀ ਸੂਚੀ ਦੇ ਅਨੁਸਾਰ, ਉਹ ਖਿਡਾਰੀਆਂ ਵਿੱਚ ਤੀਜੇ ਨੰਬਰ ‘ਤੇ ਹੈ। ਪਹਿਲੇ ‘ਤੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਅਤੇ ਦੂਜੇ ‘ਤੇ ਲਿਓਨਲ ਮੇਸੀ ਹੈ।
ਜੇਕਰ ਸਮੁੱਚੀ ਸੂਚੀ ‘ਤੇ ਨਜ਼ਰ ਮਾਰੀਏ ਤਾਂ ਵਿਰਾਟ ਕੋਹਲੀ ਦਾ ਨੰਬਰ 14ਵਾਂ ਹੈ। ਪੁਰਤਗਾਲ ਦੇ ਸਟਾਰ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਚੋਟੀ ‘ਤੇ ਕਾਬਜ਼ ਹਨ। ਉਹ ਇੱਕ ਪੋਸਟ ਤੋਂ 32 ਲੱਖ 34 ਹਜ਼ਾਰ ਡਾਲਰ (ਕਰੀਬ 26.75 ਕਰੋੜ ਰੁਪਏ) ਕਮਾ ਲੈਂਦਾ ਹੈ। ਦੂਜੇ ਨੰਬਰ ‘ਤੇ ਅਰਜਨਟੀਨਾ ਦਾ ਫੁੱਟਬਾਲਰ ਲਿਓਨਲ ਮੇਸੀ ਹੈ। ਇੱਕ ਪੋਸਟ ਤੋਂ ਮੈਸੀ ਦੀ ਕਮਾਈ 25 ਲੱਖ 97 ਹਜ਼ਾਰ ਡਾਲਰ (21.49 ਕਰੋੜ) ਹੈ। ਤੀਜੇ ਨੰਬਰ ‘ਤੇ ਅਮਰੀਕੀ ਸੈਲੀਬ੍ਰਿਟੀ ਸੇਲੇਨਾ ਗੋਮੇਜ਼ ਹੈ, ਜੋ ਇਕ ਪੋਸਟ ਤੋਂ 25 ਲੱਖ 58 ਹਜ਼ਾਰ ਡਾਲਰ ਕਮਾਉਂਦੀ ਹੈ।
ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਦੀ ਸੂਚੀ ‘ਚ ਵਿਰਾਟ ਦਾ ਨੰਬਰ 14ਵਾਂ ਹੈ। ਇਸ ਸੂਚੀ ‘ਚ ਕੋਹਲੀ ਤੋਂ ਬਾਅਦ ਪ੍ਰਿਅੰਕਾ ਚੋਪੜਾ ਦੂਜੀ ਭਾਰਤੀ ਅਭਿਨੇਤਰੀ ਹੈ। ਪ੍ਰਿਅੰਕਾ ਦੀ ਇੱਕ ਪੋਸਟ ਤੋਂ ਕਮਾਈ 5 ਲੱਖ 32 ਹਜ਼ਾਰ ਡਾਲਰ ਹੈ।
ਕੋਹਲੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 256 ਮਿਲੀਅਨ ਫਾਲੋਅਰਜ਼ ਹਨ। ਉਹ ਇੰਸਟਾਗ੍ਰਾਮ ਅਕਾਊਂਟ ‘ਤੇ ਇੰਨੇ ਜ਼ਿਆਦਾ ਫਾਲੋਅਰਸ ਵਾਲੇ ਪਹਿਲੇ ਏਸ਼ੀਆਈ ਹਨ। ਏਸ਼ੀਆ ‘ਚ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਲੋਕਾਂ ਦੀ ਸੂਚੀ ‘ਚ ਇਜ਼ਰਾਈਲ ਦੀ ਅਭਿਨੇਤਰੀ ਗਾਲ ਗਾਡੋਟ (103 ਮਿਲੀਅਨ ਫਾਲੋਅਰਜ਼) ਅਤੇ ਥਾਈਲੈਂਡ ਦੀ ਸੰਗੀਤਕਾਰ ਲੀਜ਼ਾ (94 ਮਿਲੀਅਨ ਫਾਲੋਅਰਜ਼) ਦੂਜੇ ਨੰਬਰ ‘ਤੇ ਹਨ।