ਚੇਨਈ, 19 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (IPL 2024) ਵਿੱਚ ਸ਼ਨੀਵਾਰ ਨੂੰ, ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਚੇਨਈ ਸੁਪਰ ਕਿੰਗਜ਼ (CSK) ਨੂੰ 27 ਦੌੜਾਂ ਨਾਲ ਹਰਾ ਕੇ ਪਲੇਆਫ ‘ਚ ਪਹੁੰਚ ਗਈ ਹੈ। ਟੀਮ ਨੇ ਲੀਗ ਪੜਾਅ ਵਿੱਚ ਲਗਾਤਾਰ 6 ਮੈਚ ਜਿੱਤੇ। ਇਸ ਜਿੱਤ ਨਾਲ ਆਰਸੀਬੀ ਨੇ ਨੌਵੀਂ ਵਾਰ ਆਈਪੀਐਲ ਪਲੇਆਫ ਵਿੱਚ ਥਾਂ ਬਣਾਈ ਹੈ। ਇਸ ਹਾਰ ਦੇ ਨਾਲ ਹੀ ਚੇਨਈ ਦਾ ਸਫਰ ਇੱਥੇ ਹੀ ਖਤਮ ਹੋ ਗਿਆ।
ਬੇਂਗਲੁਰੂ ਨੇ ਚਿੰਨਾਸਵਾਮੀ ਸਟੇਡੀਅਮ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 218 ਦੌੜਾਂ ਬਣਾਈਆਂ। ਸੀਐਸਕੇ 7 ਵਿਕਟਾਂ ਗੁਆ ਕੇ 191 ਦੌੜਾਂ ਹੀ ਬਣਾ ਸਕੀ। ਐੱਮਐੱਸ ਧੋਨੀ, ਸ਼ਾਰਦੁਲ ਠਾਕੁਰ ਅਤੇ ਰਵਿੰਦਰ ਜਡੇਜਾ ਆਖਰੀ ਓਵਰਾਂ ਵਿੱਚ ਸਿਰਫ਼ 7 ਦੌੜਾਂ ਹੀ ਬਣਾ ਸਕੇ। ਫਾਫ ਡੂ ਪਲੇਸਿਸ ਨੇ 39 ਗੇਂਦਾਂ ‘ਤੇ 54 ਦੌੜਾਂ ਦੀ ਪਾਰੀ ਖੇਡੀ। ਉਸ ਦੀ ਪਾਰੀ ਵਿੱਚ 3 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਡੂ ਪਲੇਸਿਸ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਯਸ਼ ਦਿਆਲ ਨੇ ਆਖਰੀ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਆਰਸੀਬੀ ਦਾ ਪਲੇਆਫ ਵਿੱਚ ਦਾਖਲਾ ਯਕੀਨੀ ਬਣਾਇਆ। ਯਸ਼ ਦਿਆਲ ਨੇ ਉਸ ਓਵਰ ਵਿੱਚ ਐਮਐਸ ਧੋਨੀ ਨੂੰ ਆਊਟ ਕੀਤਾ ਅਤੇ ਸੀਐਸਕੇ ਨੂੰ ਪਲੇਆਫ ਵਿੱਚ ਪਹੁੰਚਣ ਲਈ ਲੋੜੀਂਦੀਆਂ ਦੌੜਾਂ (17) ਨਹੀਂ ਬਣਾਉਣ ਦਿੱਤੀਆਂ।
ਇਸ ਜਿੱਤ ਨਾਲ ਆਰਸੀਬੀ ਨੇ ਬਿਹਤਰ ਰਨ ਰੇਟ ਦੇ ਆਧਾਰ ‘ਤੇ 14 ਅੰਕਾਂ ਨਾਲ ਪਲੇਆਫ ‘ਚ ਜਗ੍ਹਾ ਪੱਕੀ ਕਰ ਲਈ ਹੈ। ਟੀਮ ਨੂੰ ਆਖਰੀ ਲੀਗ ਮੈਚ ਵਿੱਚ ਸੀਐਸਕੇ ਦੇ ਖਿਲਾਫ ਘੱਟੋ-ਘੱਟ 18 ਦੌੜਾਂ ਨਾਲ ਜਿੱਤਣ ਦੀ ਲੋੜ ਸੀ। ਟੀਮ 27 ਦੌੜਾਂ ਨਾਲ ਜੇਤੂ ਰਹੀ। ਟੀਮ 22 ਮਈ ਨੂੰ ਪਲੇਆਫ ਵਿੱਚ ਐਲੀਮੀਨੇਟਰ ਖੇਡੇਗੀ। ਐਲੀਮੀਨੇਟਰ ਮੈਚ ਵਿੱਚ ਆਰਸੀਬੀ ਦਾ ਸਾਹਮਣਾ ਅੰਕ ਸੂਚੀ ਵਿੱਚ ਤੀਜੇ ਨੰਬਰ ਦੀ ਟੀਮ ਨਾਲ ਹੋਵੇਗਾ।