ਕੋਲਕਾਤਾ, 12 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ਦੇ ਮੈਚ ਨੰਬਰ-60 ਵਿੱਚ, ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਮੁੰਬਈ ਇੰਡੀਅਨਜ਼ (MI) ਨੂੰ 18 ਦੌੜਾਂ ਨਾਲ ਹਰਾਇਆ। 11 ਮਈ (ਸ਼ਨੀਵਾਰ) ਨੂੰ ਖੇਡੇ ਗਏ ਇਸ ਮੈਚ ਵਿੱਚ ਕੇਕੇਆਰ ਨੇ ਮੁੰਬਈ ਨੂੰ ਜਿੱਤ ਲਈ 158 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦਿਆਂ ਉਹ ਅੱਠ ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਮੌਜੂਦਾ ਸੀਜ਼ਨ ਵਿੱਚ 12 ਮੈਚਾਂ ਵਿੱਚ ਕੇਕੇਆਰ ਦੀ ਇਹ ਨੌਵੀਂ ਜਿੱਤ ਸੀ। ਇਸ ਜਿੱਤ ਦੇ ਨਾਲ ਕੇਕੇਆਰ ਨੇ ਵੀ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। KKR IPL 2024 ਦੇ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਹੈ। ਤੁਹਾਨੂੰ ਦੱਸ ਦੇਈਏ ਕਿ ਈਡਨ ਗਾਰਡਨ ‘ਚ ਕਾਫੀ ਦੇਰ ਤੱਕ ਬਾਰਿਸ਼ ਹੁੰਦੀ ਰਹੀ ਸੀ, ਜਿਸ ਕਾਰਨ ਮੈਚ ਨੂੰ 16-16 ਓਵਰਾਂ ਦਾ ਕਰ ਦਿੱਤਾ ਗਿਆ ਸੀ।
ਮੁੰਬਈ ਇੰਡੀਅਨਜ਼ ਲਈ ਈਸ਼ਾਨ ਕਿਸ਼ਨ ਨੇ ਸਭ ਤੋਂ ਵੱਧ 40 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਪੰਜ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਤਿਲਕ ਵਰਮਾ ਨੇ ਵੀ 17 ਗੇਂਦਾਂ ਵਿੱਚ 5 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 32 ਦੌੜਾਂ ਬਣਾਈਆਂ। ਮੁੰਬਈ ਨੂੰ ਆਖਰੀ ਓਵਰ ਵਿੱਚ ਜਿੱਤ ਲਈ 22 ਦੌੜਾਂ ਬਣਾਉਣੀਆਂ ਸਨ ਪਰ ਹਰਸ਼ਿਤ ਰਾਣਾ ਨੇ ਨਮਨ ਧੀਰ ਅਤੇ ਤਿਲਕ ਵਰਮਾ ਨੂੰ ਆਊਟ ਕਰਕੇ ਮੁੰਬਈ ਦੀਆਂ ਉਮੀਦਾਂ ਤੋੜ ਦਿੱਤੀਆਂ। ਕੇਕੇਆਰ ਲਈ ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ ਅਤੇ ਆਂਦਰੇ ਰਸਲ ਨੇ ਦੋ-ਦੋ ਵਿਕਟਾਂ ਲਈਆਂ।