- ਟੀਮ ਇੰਡੀਆ ਪਹਿਲਾਂ ਹੀ ਜਿੱਤ ਚੁੱਕੀ ਹੈ ਸੀਰੀਜ਼, 2-0 ਨਾਲ ਹੈ ਅੱਗੇ
ਨਵੀਂ ਦਿੱਲੀ, 30 ਜੁਲਾਈ 2024 – ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਮੰਗਲਵਾਰ ਨੂੰ ਪੱਲੇਕੇਲੇ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ ਸੀਰੀਜ਼ ‘ਚ 2-0 ਨਾਲ ਅੱਗੇ ਹੈ। ਤੀਜੇ ਮੈਚ ‘ਚ ਭਾਰਤੀ ਟੀਮ 3-0 ਨਾਲ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉਤਰੇਗੀ। 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਸ਼੍ਰੀਲੰਕਾ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਸ਼ਾਮ 7:00 ਵਜੇ ਤੋਂ ਖੇਡਿਆ ਜਾਵੇਗਾ ਅਤੇ ਟਾਸ 6:30 ਵਜੇ ਹੋਵੇਗਾ।
ਪਹਿਲੇ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ ਸੀ, ਜਦਕਿ ਦੂਜੇ ਮੈਚ ‘ਚ ਭਾਰਤ ਨੇ DLS ਨਿਯਮ ਤਹਿਤ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਨ੍ਹਾਂ ਦੋ ਜਿੱਤਾਂ ਨਾਲ ਭਾਰਤ ਨੇ ਸੀਰੀਜ਼ ‘ਤੇ ਪਹਿਲਾਂ ਹੀ ਕਬਜ਼ਾ ਕਰ ਲਿਆ ਹੈ। 27 ਜੁਲਾਈ ਤੋਂ 7 ਅਗਸਤ ਤੱਕ ਚੱਲਣ ਵਾਲੇ ਇਸ ਦੌਰੇ ‘ਚ ਟੀਮ ਇੰਡੀਆ 3 ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਅਦ 3 ਮੈਚਾਂ ਦੀ ਵਨਡੇ ਸੀਰੀਜ਼ ਵੀ ਖੇਡੇਗੀ।