ਖੇਡ ਯੂਨੀਵਰਸਿਟੀ ਰਹੀ ਸਾਲ 2020 ਦੀ ਖੇਡ ਵਿਭਾਗ ਦੀ ਵੱਡੀ ਪ੍ਰਾਪਤੀ: ਰਾਣਾ ਸੋਢੀ

  • ਖਿਡਾਰੀਆਂ ਨੂੰ ਜਾਰੀ ਕੀਤੀ ਜਾ ਰਹੀ ਹੈ ਰੁਕੀ ਇਨਾਮੀ ਰਾਸ਼ੀ: ਰਾਣਾ ਸੋਢੀ
  • ਡੇਢ ਕਰੋੜ ਰੁਪਏ ਵੰਡੇ, ਬਾਕੀ ਵੰਡ ਛੇਤੀ

ਚੰਡੀਗੜ੍ਹ, 31 ਦਸੰਬਰ 2020 – ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਾ ਸਾਲ 2020 ਦੀਆਂ ਖੇਡ ਵਿਭਾਗ ਦੀਆਂ ਸਭ ਤੋਂ ਜ਼ਿਕਰਯੋਗ ਪ੍ਰਾਪਤੀਆਂ ਵਿੱਚੋਂ ਇਕ ਹੈ। ਪਟਿਆਲਾ ਦੇ ਪਿੰਡ ਸਿੱਧੂਵਾਲ ਵਿੱਚ 96 ਏਕੜ ਜ਼ਮੀਨ ਵਿੱਚ ਬਣਨ ਵਾਲੀ ਇਸ ਯੂਨੀਵਰਸਿਟੀ ਦੇ ਨਿਰਮਾਣ ਉਤੇ 500 ਕਰੋੜ ਰੁਪਏ ਦਾ ਖ਼ਰਚ ਆਏਗਾ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ 60 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪ੍ਰਬੰਧਕੀ ਬਲਾਕ ਅਤੇ ਲੜਕਿਆਂ ਤੇ ਲੜਕੀਆਂ ਲਈ ਵੱਖਰੇ ਹੋਸਟਲ ਉਸਾਰੇ ਜਾਣਗੇ, ਜਿਨ੍ਹਾਂ ਵਿੱਚੋਂ ਹਰੇਕ ਦੀ ਸਮਰੱਥਾ 400 ਵਿਦਿਆਰਥੀਆਂ ਦੀ ਹੋਵੇਗੀ। ਯੂਨੀਵਰਸਿਟੀ ਵਿੱਚ ਇਸ ਸਮੇਂ ਸਰੀਰਿਕ ਸਿੱਖਿਆ ਵਿੱਚ ਬੈਚਲਰ ਤੇ ਐਮ.ਪੀ.ਈਐਡ ਦੇ ਕੋਰਸ ਚੱਲ ਰਹੇ ਹਨ ਅਤੇ ਉਭਰਦੇ ਖਿਡਾਰੀਆਂ ਅਤੇ ਨੌਜਵਾਨਾਂ ਵਿੱਚ ਇਸ ਯੂਨੀਵਰਸਿਟੀ ਵਿੱਚ ਦਾਖਲਿਆਂ ਲਈ ਕਾਫ਼ੀ ਉਤਸ਼ਾਹ ਹੈ।

ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਵਿੱਚ ਸਪੋਰਟਸ ਸਾਇੰਸ, ਸਪੋਰਟਸ ਤਕਨਾਲੌਜੀ, ਸਪੋਰਟਸ ਮੈਨੇਜਮੈਂਟ ਅਤੇ ਸਪੋਰਟਸ ਕੋਚਿੰਗ ਨੂੰ ਉਤਸ਼ਾਹਤ ਕਰਨ ਲਈ ਬਣਾਈ ਜਾ ਰਹੀ ਇਸ ਯੂਨੀਵਰਸਿਟੀ ਨੇ ਆਪਣੇ ਮੌਜੂਦਾ ਕੈਂਪਸ ਵਿੱਚ ਤਕਰੀਬਨ ਇਕ ਵਰ੍ਹਾ ਪੂਰਾ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਕੌਮਾਂਤਰੀ ਪੱਧਰ ਉਤੇ ਦੇਸ਼ ਦਾ ਨਾਮ ਚਮਕਾਉਣ ਵਾਲੇ ਦਿਵਿਆਂਗ ਖਿਡਾਰੀਆਂ ਨੂੰ ਵੀ ਦੂਜੇ ਖਿਡਾਰੀਆਂ ਜਿੰਨੀ ਹੀ ਇਨਾਮੀ ਰਾਸ਼ੀ ਦੇਣ ਦਾ ਫ਼ੈਸਲਾ ਕੀਤਾ ਸੀ, ਜਿਸ ਤਹਿਤ ਇਸ ਸਾਲ ਪੰਜਾਬ ਦੇ ਤਿੰਨ ਦਿਵਿਆਂਗ ਖਿਡਾਰੀਆਂ ਨੂੰ 50-50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਾਵਰਲਿਫ਼ਟਰ ਪਰਮਜੀਤ ਕੁਮਾਰ, ਸ਼ਾਟਪੁਟਰ ਮੁਹੰਮਦ ਯਾਸਿਰ ਅਤੇ ਪੈਰਾ ਬੈਡਮਿੰਟਨ ਖਿਡਾਰੀ ਰਾਜ ਕੁਮਾਰ ਨੂੰ 50-50 ਲੱਖ ਦੀ ਇਨਾਮੀ ਰਾਸ਼ੀ ਦੇ ਚੈੱਕ ਸੌਪੇ ਗਏ। ਸੂਬਾ ਸਰਕਾਰ ਨੇ ਖਿਡਾਰੀਆਂ ਲਈ ਸਰਕਾਰੀ ਨੌਕਰੀਆਂ ਵਿੱਚ ਤਿੰਨ ਫ਼ੀਸਦੀ ਰਾਖਵਾਂਕਰਨ ਵੀ ਯਕੀਨੀ ਬਣਾਇਆ ਹੈ ਤਾਂ ਜੋ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਮਾਲੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ 2015-16 ਤੋਂ ਹੁਣ ਤੱਕ ਦੇ ਮੈਡਲ ਜੇਤੂ 1132 ਖਿਡਾਰੀਆਂ ਦੀ ਇਨਾਮੀ ਰਾਸ਼ੀ ਲਈ ਵਿਭਾਗ ਕੋਲ ਲੋੜੀਂਦੇ ਫ਼ੰਡ ਹਨ ਪਰ ਕੋਰੋਨਾ ਮਹਾਂਮਾਰੀ ਕਾਰਨ ਇਹ ਰਾਸ਼ੀ ਵੰਡਣ ਵਿੱਚ ਦਿੱਕਤ ਹੋਈ। ਹੁਣ ਛੇਤੀ ਇਨ੍ਹਾਂ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਸੌਪੀ ਜਾਵੇਗੀ।

ਰਾਣਾ ਸੋਢੀ ਨੇ ਦੱਸਿਆ ਕਿ ਖੇਡ ਵਿਭਾਗ ਨੇ ਦੂਜੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਵੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਖਿਡਾਰੀਆਂ ਦਾ ਬਣਦਾ ਮਾਣ-ਸਨਮਾਨ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਹੋਰ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵੱਲੋਂ ਨਾਲੇਜ ਸਿਟੀ ਮੁਹਾਲੀ ਵਿਖੇ ਇਨਵਾਈਰਮੈਂਟ ਰਿਸੋਰਸ ਸੈਂਟਰ ਸਥਾਪਤ ਕੀਤਾ ਜਾਵੇਗਾ

ਪੰਜਾਬ ਜਲ ਸਰੋਤ ਵਿਭਾਗ ਵੱਲੋਂ ਸ਼ਾਹਪੁਰਕੰਡੀ ਮੁੱਖ ਡੈਮ ਦਾ 60 ਫੀਸਦੀ ਕੰਮ ਮੁਕੰਮਲ: ਸਰਕਾਰੀਆ