ਮੁੰਬਈ, 14 ਮਾਰਚ 2021 – ਭਾਰਤੀ ਕ੍ਰਿਕਟਰ ਮਿਤਾਲੀ ਰਾਜ ਨੇ ਮਹਿਲਾ ਕ੍ਰਿਕਟ ਵਿਚ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਮਿਤਾਲੀ ਰਾਜ ਮਹਿਲਾ ਇਕ ਦਿਨਾਂ ਕ੍ਰਿਕਟ ਵਿਚ 7000 ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਮਿਤਾਲੀ ਰਾਜ ਨੇ ਸਾਲ 1999 ਵਿਚ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਮਿਤਾਲੀ ਨੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਚੱਲ ਰਹੇ ਚੌਥੇ ਵਨਡੇ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਹੈ। ਭਾਰਤ ਲਈ ਆਪਣੇ 213ਵੇਂ ਵਨਡੇ ਮੈਚ ਵਿਚ ਖੇਡਦਿਆਂ, ਉਹ ਐਤਵਾਰ ਨੂੰ ਆਪਣੀ ਪਾਰੀ ਦੀ 26ਵੀਂ ਦੌੜ ਪੂਰੀ ਕਰਨ ਦੇ ਨਾਲ ਹੀ ਇਸ ਮੀਲ ਪੱਥਰ ‘ਤੇ ਪਹੁੰਚ ਗਈ।
38 ਸਾਲਾ ਮਿਤਾਲੀ ਆਪਣੇ ਪਿਛਲੇ ਮੈਚ ਵਿਚ, ਸਾਰੇ ਕ੍ਰਿਕਟ ਦੇ ਫਾਰਮੈਟਾਂ ਵਿਚ 10,000 ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸੀ, ਜਦੋਂ ਕੇ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ 10,000 ਦੌੜਾਂ ਬਣਾਉਣ ਵਾਲੀ ਦੂਜੀ ਮਹਿਲਾ ਖਿਡਾਰੀ ਹੈ।