ਨਵੀਂ ਦਿੱਲੀ, 5 ਸਤੰਬਰ 2024 – ਮੰਗੋਲੀਆਈ ਟੀਮ ਸਿੰਗਾਪੁਰ ਖ਼ਿਲਾਫ਼ 10 ਦੌੜਾਂ ’ਤੇ ਆਲ ਆਊਟ ਹੋ ਗਈ। ਇਹ ਟੀ-20 ਅੰਤਰਰਾਸ਼ਟਰੀ ਦਾ ਸੰਯੁਕਤ ਸਭ ਤੋਂ ਘੱਟ ਸਕੋਰ ਹੈ। ਪਿਛਲੇ ਸਾਲ ‘ਆਇਲ ਆਫ ਮੈਨ’ ਦੀ ਟੀਮ ਵੀ ਇਸੇ ਸਕੋਰ ‘ਤੇ ਆਲ ਆਊਟ ਹੋ ਗਈ ਸੀ।
ਵੀਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਏਸ਼ਿਆਈ ਕੁਆਲੀਫਾਇਰ ਮੈਚ ਵਿੱਚ ਸਿੰਗਾਪੁਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ ਮੰਗੋਲੀਆਈ ਟੀਮ ਨੂੰ 10 ਓਵਰਾਂ ‘ਚ 10 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਸਿੰਗਾਪੁਰ ਨੇ 11 ਦੌੜਾਂ ਦਾ ਟੀਚਾ ਸਿਰਫ 5 ਗੇਂਦਾਂ ‘ਚ ਇਕ ਵਿਕਟ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਇਹ ਮੈਚ ਸਿਰਫ 65 ਗੇਂਦਾਂ ਤੱਕ ਚੱਲਿਆ।
17 ਸਾਲ ਦੇ ਲੈੱਗ ਸਪਿਨਰ ਹਰਸ਼ ਭਾਰਦਵਾਜ ਨੇ 3 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਕਸ਼ੈ ਪੁਰੀ ਨੇ 2, ਰਾਹੁਲ ਅਤੇ ਰਮੇਸ਼ ਨੇ ਇਕ-ਇਕ ਵਿਕਟ ਹਾਸਲ ਕੀਤੀ।
ਮੰਗੋਲੀਆਈ ਟੀਮ ਇਸ ਸਾਲ ਤੀਜੀ ਵਾਰ 20 ਦੌੜਾਂ ਤੋਂ ਘੱਟ ਦੇ ਸਕੋਰ ‘ਤੇ ਆਲ ਆਊਟ ਹੋ ਗਈ ਹੈ। ਇਸ ਤੋਂ ਪਹਿਲਾਂ ਟੀਮ 31 ਅਗਸਤ ਨੂੰ ਹਾਂਗਕਾਂਗ ਖਿਲਾਫ 17 ਦੌੜਾਂ ਅਤੇ ਮਈ ‘ਚ ਜਾਪਾਨ ਖਿਲਾਫ 12 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ ਸੀ।
11 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਸਿੰਗਾਪੁਰ ਦੀ ਟੀਮ ਪਾਰੀ ਦੀ ਪਹਿਲੀ ਗੇਂਦ ‘ਤੇ ਹੀ ਵਿਕਟ ਗਵਾ ਬੈਠੀ। ਇੱਥੇ ਕਪਤਾਨ ਮਨਪ੍ਰੀਤ ਸਿੰਘ ਜ਼ੀਰੋ ‘ਤੇ ਆਊਟ ਹੋਏ। ਉਸ ਦੀ ਥਾਂ ‘ਤੇ ਆਏ ਰਾਉਲ ਸ਼ਰਮਾ ਨੇ ਪਹਿਲੀ ਹੀ ਗੇਂਦ ‘ਤੇ ਛੱਕਾ ਜੜ ਦਿੱਤਾ। ਫਿਰ ਵਿਲੀਅਮ ਸਿੰਪਸਨ ਨੇ ਪਹਿਲੇ ਓਵਰ ਦੀ 5ਵੀਂ ਗੇਂਦ ‘ਤੇ ਜੇਤੂ ਚੌਕਾ ਜੜਿਆ। ਮੰਗੋਲੀਆ ਹੁਣ ਸਾਰੇ 4 ਮੈਚ ਹਾਰ ਚੁੱਕਾ ਹੈ। ਟੀਮ ਅੰਕ ਸੂਚੀ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹੈ।