- ਟੂਰਨਾਮੈਂਟ ਦੇ ਫਾਈਨਲ ਵਿੱਚ ਵੀ ਜਗ੍ਹਾ ਕੀਤੀ ਪੱਕੀ
ਨਵੀਂ ਦਿੱਲੀ, 25 ਅਗਸਤ 2023 – ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਦੇ ਕੁਆਲੀਫਾਇੰਗ ਦੌਰ ਵਿੱਚ 88.77 ਮੀਟਰ ਥਰੋਅ ਕੀਤਾ। ਇਸ ਨਾਲ ਉਸ ਨੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਨੀਰਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪੈਰਿਸ ਓਲੰਪਿਕ 26 ਜੁਲਾਈ 2024 ਨੂੰ ਸ਼ੁਰੂ ਹੋਣਗੇ।
ਬੁਡਾਪੇਸਟ, ਹੰਗਰੀ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ, ਨੀਰਜ ਨੇ ਕੁਆਲੀਫਾਇੰਗ ਰਾਊਂਡ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.77 ਮੀਟਰ ਸੁੱਟਿਆ, ਜੋ ਉਸ ਦੇ ਸੀਜ਼ਨ ਦਾ ਸਰਵੋਤਮ ਵੀ ਹੈ। ਓਲੰਪਿਕ, ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮੇ ਜਿੱਤਣ ਤੋਂ ਇਲਾਵਾ 25 ਸਾਲਾ ਨੀਰਜ ਚੋਪੜਾ ਡਾਇਮੰਡ ਲੀਗ ਦਾ ਚੈਂਪੀਅਨ ਵੀ ਹੈ।
ਨੀਰਜ ਚੋਪੜਾ ਦੇ ਫਾਈਨਲ ਲਈ ਕੁਆਲੀਫਾਈ ਕਰਨ ਦੇ ਨਾਲ ਹੀ ਇਸ ਚੈਂਪੀਅਨਸ਼ਿਪ ‘ਚ ਭਾਰਤ ਦੀਆਂ ਤਮਗੇ ਦੀਆਂ ਉਮੀਦਾਂ ਵੀ ਵਧ ਗਈਆਂ ਹਨ, ਕਿਉਂਕਿ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਹੁਣ ਤੱਕ ਕਿਸੇ ਵੀ ਭਾਰਤੀ ਖਿਡਾਰੀ ਨੇ ਸੋਨ ਤਮਗਾ ਨਹੀਂ ਜਿੱਤਿਆ ਹੈ। ਉਸ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2022 ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਨਾਲ ਮੈਡਲ ਲਈ ਭਾਰਤ ਦਾ 19 ਸਾਲਾਂ ਦਾ ਲੰਬਾ ਇੰਤਜ਼ਾਰ ਖਤਮ ਹੋ ਗਿਆ।
ਨੀਰਜ ਤੋਂ ਇਲਾਵਾ, ਚੈਂਪੀਅਨਸ਼ਿਪ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ, ਲੰਡਨ 2012 ਦੇ ਓਲੰਪਿਕ ਚੈਂਪੀਅਨ ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੌਰਨ ਵਾਲਕੋਟ, ਜਰਮਨੀ ਦੇ ਵਿਸ਼ਵ ਨੰਬਰ 2 ਜੂਲੀਅਨ ਵੇਬਰ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਸ਼ਾਮਲ ਹਨ।
ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 1983 ਵਿੱਚ ਸ਼ੁਰੂ ਹੋਈ ਸੀ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਸਿਰਫ਼ ਦੋ ਤਗ਼ਮੇ ਜਿੱਤੇ ਹਨ। ਅੰਜੂ ਬੌਬੀ ਜਾਰਜ ਪੈਰਿਸ 2003 ਵਿੱਚ ਔਰਤਾਂ ਦੀ ਲੰਬੀ ਛਾਲ ਵਿੱਚ ਕਾਂਸੀ ਦਾ ਤਗਮਾ ਲੈ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸੀ।