- ਹਾਰ ਤੋਂ ਬਾਅਦ ਖਿਡਾਰੀਆਂ ਦਾ ਵਧਾਇਆ ਹੌਸਲਾ
- ਸ਼ਮੀ ਨੂੰ ਜੱਫੀ ਪਾਈ
- ਜਡੇਜਾ-ਸ਼ਮੀ ਨੇ ਪੋਸਟ ਕੀਤੀਆਂ ਫੋਟੋਆਂ
ਅਹਿਮਦਾਬਾਦ, 21 ਨਵੰਬਰ 2023 – ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ ਨੂੰ ਅਹਿਮਦਾਬਾਦ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ। ਫਾਈਨਲ ‘ਚ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਮ ਇੰਡੀਆ ਦੇ ਡਰੈਸਿੰਗ ਰੂਮ ‘ਚ ਪਹੁੰਚੇ। ਉੱਥੇ ਉਹ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਨਜ਼ਰ ਆਏ।
ਇਸ ਦੌਰਾਨ ਪੀਐਮ ਨੇ ਮੁਹੰਮਦ ਸ਼ਮੀ ਨੂੰ ਗਲੇ ਵੀ ਲਗਾਇਆ। ਟੀਮ ਦੇ ਤੇਜ਼ ਗੇਂਦਬਾਜ਼ ਸ਼ਮੀ ਅਤੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਇਸ ਮੁਲਾਕਾਤ ਦੀ ਫੋਟੋ ਸ਼ੇਅਰ ਕੀਤੀ ਹੈ।
ਪ੍ਰਧਾਨ ਮੰਤਰੀ ਫਾਈਨਲ ਮੈਚ ਦੇਖਣ ਲਈ ਅਹਿਮਦਾਬਾਦ ਪਹੁੰਚੇ ਸਨ। ਉਹ ਮੈਚ ਦੀ ਦੂਜੀ ਪਾਰੀ ਵਿੱਚ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ। ਮੋਦੀ ਨੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨਾਲ ਮਿਲ ਕੇ ਪੈਟ ਕਮਿੰਸ ਨੂੰ ਵਿਸ਼ਵ ਕੱਪ 2023 ਦੀ ਟਰਾਫੀ ਸੌਂਪੀ।
ਜਡੇਜਾ ਨੇ ਮੋਦੀ ਨਾਲ ਇਕ ਫੋਟੋ ਸ਼ੇਅਰ ਕੀਤੀ ਅਤੇ ਇਸ ਦੇ ਕੈਪਸ਼ਨ ‘ਚ ਲਿਖਿਆ, ‘ਸਾਡਾ ਟੂਰਨਾਮੈਂਟ ਬਹੁਤ ਵਧੀਆ ਸੀ, ਪਰ ਕੱਲ੍ਹ ਅਸੀਂ ਹਾਰ ਗਏ। ਅਸੀਂ ਸਾਰੇ ਦੁਖੀ ਹਾਂ, ਪਰ ਲੋਕਾਂ ਦਾ ਸਮਰਥਨ ਸਾਨੂੰ ਅੱਗੇ ਲੈ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੱਲ੍ਹ ਡ੍ਰੈਸਿੰਗ ਰੂਮ ਦੀ ਫੇਰੀ ਵਿਸ਼ੇਸ਼ ਅਤੇ ਬਹੁਤ ਪ੍ਰੇਰਨਾਦਾਇਕ ਸੀ।
ਸ਼ਮੀ ਨੇ ਮੋਦੀ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਸ਼ਮੀ ਨੇ ਫੋਟੋ ਦੇ ਨਾਲ ਲਿਖਿਆ, ‘ਬਦਕਿਸਮਤੀ ਨਾਲ ਕੱਲ੍ਹ ਸਾਡਾ ਦਿਨ ਨਹੀਂ ਸੀ। ਮੈਂ ਇਸ ਟੂਰਨਾਮੈਂਟ ਦੌਰਾਨ ਸਾਡੀ ਟੀਮ ਅਤੇ ਮੇਰਾ ਸਮਰਥਨ ਕਰਨ ਲਈ ਸਾਰੇ ਭਾਰਤੀਆਂ ਦਾ ਧੰਨਵਾਦ ਕਰਨਾ ਚਾਹਾਂਗਾ। ਅਸੀਂ ਸਾਰੇ ਪ੍ਰਧਾਨ ਮੰਤਰੀ ਮੋਦੀ ਦੇ ਡਰੈਸਿੰਗ ਰੂਮ ਵਿੱਚ ਆਉਣ ਅਤੇ ਸਦਾ ਹੌਸਲਾ ਵਧਾਉਂਣ ਲਈ ਬਹੁਤ ਧੰਨਵਾਦੀ ਹਾਂ। ਅਸੀਂ ਯਕੀਨੀ ਤੌਰ ‘ਤੇ ਦੁਬਾਰਾ ਵਾਪਸੀ ਕਰਾਂਗੇ।
ਵਿਸ਼ਵ ਕੱਪ 2023 ਦੇ ਫਾਈਨਲ ‘ਚ ਭਾਰਤ ਨੂੰ 6 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਐਤਵਾਰ ਨੂੰ ਆਸਟ੍ਰੇਲੀਆ ਨੇ ਛੇਵੀਂ ਵਾਰ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਇਸ ਹਾਰ ਨੇ ਭਾਰਤੀ ਪ੍ਰਸ਼ੰਸਕਾਂ ਨੂੰ 2003 ਦੇ ਵਿਸ਼ਵ ਕੱਪ ਫਾਈਨਲ ਦੀ ਯਾਦ ਦਿਵਾ ਦਿੱਤੀ। 20 ਸਾਲ ਪਹਿਲਾਂ ਜੋਹਾਨਸਬਰਗ ਵਿੱਚ ਕੰਗਾਰੂਆਂ ਨੇ ਸਾਨੂੰ 125 ਦੌੜਾਂ ਨਾਲ ਹਰਾਇਆ ਸੀ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ 240 ਦੌੜਾਂ ‘ਤੇ ਆਲ ਆਊਟ ਹੋ ਗਈ। ਆਸਟ੍ਰੇਲੀਆਈ ਬੱਲੇਬਾਜ਼ਾਂ ਨੇ 43 ਓਵਰਾਂ ‘ਚ 4 ਵਿਕਟਾਂ ਗੁਆ ਕੇ 241 ਦੌੜਾਂ ਦਾ ਟੀਚਾ ਹਾਸਲ ਕਰ ਲਿਆ।