ਚੇਨਈ, 30 ਅਪ੍ਰੈਲ 2025 – ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੇ 49ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦਾ ਸਾਹਮਣਾ ਪੰਜਾਬ ਕਿੰਗਜ਼ (ਪੀਬੀਕੇਐਸ) ਨਾਲ ਹੋਵੇਗਾ। ਇਹ ਮੈਚ ਚੇਪੌਕ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਪੰਜਾਬ ਨੇ ਚੇਪਕ ਸਟੇਡੀਅਮ ਵਿੱਚ ਆਪਣੇ ਸਾਰੇ ਪਿਛਲੇ ਤਿੰਨ ਮੈਚ ਜਿੱਤੇ ਹਨ। ਟੀਮ ਨੇ 2023 ਵਿੱਚ ਸੀਐਸਕੇ ਨੂੰ 4 ਵਿਕਟਾਂ ਨਾਲ ਅਤੇ 2024 ਵਿੱਚ 7 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ 2021 ਵਿੱਚ, ਪੀਬੀਕੇਐਸ ਨੇ ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਇਸ ਸਟੇਡੀਅਮ ਵਿੱਚ ਚੇਨਈ ਅਤੇ ਪੰਜਾਬ ਨੇ ਇੱਕ ਦੂਜੇ ਵਿਰੁੱਧ ਕੁੱਲ 8 ਮੈਚ ਖੇਡੇ ਹਨ। ਇਸ ਵਿੱਚ ਚੇਨਈ ਨੇ 4 ਮੈਚ ਜਿੱਤੇ ਹਨ ਅਤੇ ਪੰਜਾਬ ਨੇ 3 ਮੈਚ ਜਿੱਤੇ ਹਨ। ਜਦੋਂ ਕਿ ਇੱਕ ਮੈਚ ਟਾਈ ਰਿਹਾ।
ਮੌਜੂਦਾ ਸੀਜ਼ਨ ਦੀ ਗੱਲ ਕਰੀਏ ਤਾਂ ਚੇਨਈ ਲਈ ਪਲੇਆਫ ਵਿੱਚ ਪਹੁੰਚਣਾ ਮੁਸ਼ਕਲ ਹੈ। ਟੀਮ ਨੂੰ 9 ਮੈਚਾਂ ਵਿੱਚ ਸਿਰਫ਼ 2 ਜਿੱਤਾਂ ਮਿਲੀਆਂ ਹਨ ਅਤੇ ਸੀਐਸਕੇ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਹੈ। ਦੂਜੇ ਪਾਸੇ, ਪੀਬੀਕੇਐਸ ਨੇ ਆਪਣੇ 9 ਮੈਚਾਂ ਵਿੱਚੋਂ 5 ਜਿੱਤੇ ਹਨ ਜਦੋਂ ਕਿ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਟੀਮ 5ਵੇਂ ਸਥਾਨ ‘ਤੇ ਹੈ।

ਆਈਪੀਐਲ ਵਿੱਚ ਚੇਨਈ ਅਤੇ ਪੰਜਾਬ ਵਿਚਕਾਰ 31 ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ ਸੀਐਸਕੇ ਨੇ 16 ਮੈਚ ਜਿੱਤੇ ਅਤੇ ਪੀਬੀਕੇਐਸ ਨੇ 15 ਮੈਚ ਜਿੱਤੇ। 2024 ਦੇ ਸੀਜ਼ਨ ਵਿੱਚ, ਦੋਵੇਂ ਟੀਮਾਂ 2 ਮੈਚਾਂ ਵਿੱਚ ਭਿੜੀਆਂ, ਜਿਸ ਵਿੱਚ ਦੋਵਾਂ ਨੇ 1-1 ਮੈਚ ਜਿੱਤੇ। ਇਸ ਸੀਜ਼ਨ ਦੇ ਪਹਿਲੇ ਮੁਕਾਬਲੇ ਵਿੱਚ, ਪੀਬੀਕੇਐਸ ਨੇ 18 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।
