ਧਰਮਸ਼ਾਲਾ, 10 ਮਈ 2024 – ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ (IPL 2024) ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਰਾਇਲ ਚੈਲੰਜਰਜ਼ ਬੰਗਲੌਰ ਨੇ ਕਿੰਗਜ਼ ਨੂੰ ਉਸ ਦੇ ਘਰੇਲੂ ਮੈਦਾਨ ਧਰਮਸ਼ਾਲਾ ‘ਚ 60 ਦੌੜਾਂ ਨਾਲ ਹਰਾਇਆ। ਪੰਜਾਬ ਇਸ ਸੀਜ਼ਨ ‘ਚ ਲੀਗ ਦੌਰ ‘ਚੋਂ ਬਾਹਰ ਹੋਣ ਵਾਲੀ ਦੂਜੀ ਟੀਮ ਬਣ ਗਈ ਹੈ। ਇੱਕ ਦਿਨ ਪਹਿਲਾਂ ਮੁੰਬਈ ਇੰਡੀਅਨਜ਼ ਹੈਦਰਾਬਾਦ ਦੀ ਲਖਨਊ ‘ਤੇ ਜਿੱਤ ਨਾਲ ਬਾਹਰ ਹੋ ਗਈ ਸੀ।
ਵੀਰਵਾਰ ਨੂੰ, ਬੈਂਗਲੁਰੂ ਨੇ ਇਸ ਸੀਜ਼ਨ ਵਿੱਚ ਦੂਜੀ ਵਾਰ ਕਿੰਗਜ਼ ਨੂੰ ਹਰਾਇਆ। ਇਸ ਸੀਜ਼ਨ ਵਿੱਚ ਬੈਂਗਲੁਰੂ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਟੀਮ 10 ਅੰਕਾਂ ਨਾਲ 7ਵੇਂ ਸਥਾਨ ‘ਤੇ ਆ ਗਈ ਹੈ। ਇਸ ਜਿੱਤ ਨਾਲ ਟੀਮ ਨੇ ਪਲੇਆਫ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ। ਪਲੇਆਫ ‘ਚ ਪਹੁੰਚਣ ਲਈ ਬੇਂਗਲੁਰੂ ਨੂੰ ਆਖਰੀ ਦੋ ਮੈਚ ਜਿੱਤਣੇ ਹੋਣਗੇ ਅਤੇ ਉਸ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ‘ਤੇ ਨਿਰਭਰ ਰਹਿਣਾ ਹੋਵੇਗਾ।
ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ਵਿੱਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰਸੀਬੀ ਨੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 241 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 92, ਰਜਤ ਪਾਟੀਦਾਰ ਨੇ 55 ਅਤੇ ਕੈਮਰਨ ਗ੍ਰੀਨ ਨੇ 46 ਦੌੜਾਂ ਬਣਾਈਆਂ। ਪੰਜਾਬ ਵੱਲੋਂ ਹਰਸ਼ਲ ਪਟੇਲ ਨੇ 3 ਅਤੇ ਵਿਦਵਤ ਕਾਵੇਰੱਪਾ ਨੇ 2 ਵਿਕਟਾਂ ਲਈਆਂ।
ਦੌੜਾਂ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ 17 ਓਵਰਾਂ ਵਿੱਚ 181 ਦੌੜਾਂ ਹੀ ਬਣਾ ਸਕੀ। ਟੀਮ ਲਈ ਰਿਲੇ ਰੂਸੋ ਨੇ 61 ਦੌੜਾਂ ਬਣਾਈਆਂ। ਜਦੋਂ ਕਿ ਸ਼ਸ਼ਾਂਕ ਸਿੰਘ ਸਿਰਫ਼ 37, ਜੌਨੀ ਬੇਅਰਸਟੋ 27 ਅਤੇ ਸੈਮ ਕਰਨ ਸਿਰਫ਼ 22 ਦੌੜਾਂ ਹੀ ਬਣਾ ਸਕੇ। ਬੈਂਗਲੁਰੂ ਵੱਲੋਂ ਮੁਹੰਮਦ ਸਿਰਾਜ ਨੇ 3 ਵਿਕਟਾਂ ਲਈਆਂ। ਕਰਨ ਸ਼ਰਮਾ, ਸਵਪਨਿਲ ਸਿੰਘ ਅਤੇ ਲੋਕੀ ਫਰਗੂਸਨ ਨੇ 2-2 ਵਿਕਟਾਂ ਲਈਆਂ।