ਧਰਮਸ਼ਾਲਾ, 4 ਮਈ 2025 – ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਡਬਲ ਹੈਡਰ (ਇੱਕ ਦਿਨ ਵਿੱਚ ਦੋ ਮੈਚ) ਖੇਡਿਆ ਜਾਵੇਗਾ। ਦਿਨ ਦੇ ਦੂਜੇ ਮੈਚ ਵਿੱਚ, ਪੰਜਾਬ ਕਿੰਗਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਪੰਜਾਬ ਦੇ ਦੂਜੇ ਘਰੇਲੂ ਮੈਦਾਨ, ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਧਰਮਸ਼ਾਲਾ ਵਿੱਚ ਅੱਜ ਮੀਂਹ ਪੈਣ ਦੀ 75% ਸੰਭਾਵਨਾ ਹੈ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਮੈਚ ਵਿੱਚ ਪੰਜਾਬ ਨੇ ਲਖਨਊ ਨੂੰ ਉਸਦੇ ਘਰੇਲੂ ਮੈਦਾਨ ਵਿੱਚ 8 ਵਿਕਟਾਂ ਨਾਲ ਹਰਾਇਆ ਸੀ।
ਪੰਜਾਬ ਕਿੰਗਜ਼ ਦੇ 10 ਵਿੱਚੋਂ 6 ਮੈਚ ਜਿੱਤਣ ਤੋਂ ਬਾਅਦ 13 ਅੰਕ ਹਨ ਅਤੇ ਉਹ ਅੰਕ ਸੂਚੀ ਵਿੱਚ ਮਜ਼ਬੂਤ ਸਥਿਤੀ ਵਿੱਚ ਹੈ। ਕੋਲਕਾਤਾ ਵਿਰੁੱਧ ਟੀਮ ਦਾ ਇੱਕ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਦੂਜੇ ਪਾਸੇ, ਲਖਨਊ ਸੁਪਰ ਜਾਇੰਟਸ ਨੇ ਹੁਣ ਤੱਕ 10 ਮੈਚਾਂ ਵਿੱਚ 5 ਜਿੱਤਾਂ ਅਤੇ 5 ਹਾਰਾਂ ਨਾਲ 10 ਅੰਕ ਇਕੱਠੇ ਕੀਤੇ ਹਨ। ਇਹ ਮੈਚ ਲਖਨਊ ਲਈ ਬਹੁਤ ਮਹੱਤਵਪੂਰਨ ਹੋਵੇਗਾ ਕਿਉਂਕਿ ਹਾਰ ਉਨ੍ਹਾਂ ਦੀਆਂ ਪਲੇਆਫ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਸਕਦੀ ਹੈ।
ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਕਾਰ ਆਈਪੀਐਲ ਵਿੱਚ ਹੁਣ ਤੱਕ 5 ਮੈਚ ਖੇਡੇ ਜਾ ਚੁੱਕੇ ਹਨ। ਲਖਨਊ ਨੇ 3 ਅਤੇ ਪੰਜਾਬ ਨੇ 2 ਜਿੱਤੇ। ਪੰਜਾਬ ਨੇ ਇਹ ਦੋਵੇਂ ਮੈਚ ਲਖਨਊ ਵਿੱਚ ਉਸ ਦੇ ਘਰੇਲੂ ਮੈਦਾਨ ‘ਤੇ ਜਿੱਤੇ ਹਨ। ਦੋਵੇਂ ਟੀਮਾਂ ਧਰਮਸ਼ਾਲਾ ਵਿੱਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।

ਇਸ ਦੇ ਨਾਲ ਹੀ, ਦਿਨ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਕੇਕੇਆਰ ਦੇ ਘਰੇਲੂ ਮੈਦਾਨ ਈਡਨ ਗਾਰਡਨ ਵਿਖੇ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।
