ਚੰਡੀਗੜ੍ਹ, 2 ਫਰਵਰੀ 2021 – ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੇਂਦਰੀ ਬਜਟ ਵਿੱਚ ਖੇਡਾਂ ਦੇ ਬਜਟ ਨੂੰ 8.16% ਘਟਾਏ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਆਉਣ ਵਾਲੇ ਟੋਕਿਓ ਓਲੰਪਿਕ-2021 ਦੇ ਮੱਦੇਨਜਰ ਬਜਟ ਅਲਾਟਮੈਂਟ ਦੀ ਵਧੇਰੇ ਲੋੜ ਸੀ।
ਰਾਣਾ ਸੋਢੀ ਨੇ ਕਿਹਾ ਕਿ ਸਾਲ 2021-22 ਦੇ ਬਜਟ ਵਿਚ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਵਲੋਂ 2596.14 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜੋ ਕਿ ਪਿਛਲੇ ਸਾਲ 2020-21 ਵਿੱਚ ਜਾਰੀ ਹੋਈ ਅਸਲ ਰਾਸ਼ੀ 2826.92 ਕਰੋੜ ਰੁਪਏ ਦੇ ਮੁਕਾਬਲੇ ਲਗਭਗ 230 ਕਰੋੜ ਰੁਪਏ ਘੱਟ ਹੈ, ਇਸ ਨਾਲ ਖੇਡਾਂ ਦੇ ਬਜਟ ਵਿੱਚ 8.16 ਫੀਸਦ ਘਾਟਾ ਦਰਜ ਕੀਤਾ ਗਿਆ ਹੈ।
ਕੇਂਦਰ ਸਰਕਾਰ ’ਤੇ ਇਸਦੀ ‘ਖੇਲੋ ਇੰਡੀਆ’ ਸਕੀਮਾਂ ਪ੍ਰਤੀ ਅਣਦੇਖੀ ਲਈ ਵਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਖੇਲੋ ਇੰਡੀਆ ਸਕੀਮ ਲਈ 890.42 ਕਰੋੜ ਰੁਪਏ ਦੀ ਥਾਂ 660.41 ਕਰੋੜ ਰੁਪਏ ਅਲਾਟ ਕਰਨ ਨਾਲ ਇਨਾਂ ਸਕੀਮਾਂ ਨੂੰ ਲਗਭਗ 220 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਕੇਂਦਰੀ ਬਜਟ ਦੀ ਇੱਕ ਹੋਰ ਕਮੀ ’ਤੇ ਸਵਾਲ ਚੁੱਕਦਿਆਂ ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅਲਾਟ ਕੀਤਾ 17 ਕਰੋੜ ਰੁਪਏ ਦਾ ਮਾਮੂਲੀ ਵਾਧਾ ਵੀ ਨਾਕਾਫੀ ਹੈ। ਕੇਂਦਰ ਸਰਕਾਰ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਉਸਾਰੇ ਗਏ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਰੱਖ-ਰਖਾਅ ਲਈ ਅਲਾਟ ਕੀਤੀ ਰਾਸ਼ੀ ਨੂੰ ਵੀ 50 ਫੀਸਦੀ ਘਟਾ ਦਿੱਤਾ ਹੈ, ਜੋ ਹੁਣ ਸਿਰਫ 30 ਕਰੋੜ ਹੋਵੇਗੀ। ਇਸੇ ਤਰਾਂ ਰਾਸ਼ਟਰੀ ਖੇਡ ਵਿਕਾਸ ਫੰਡ ਦਾ ਬਜਟ 50 ਕਰੋੜ ਰੁਪਏ ਤੋਂ ਘਟਾ ਕੇ 25 ਕਰੋੜ ਰੁਪਏ ਕਰ ਦਿੱਤਾ ਗਿਆ ਹੈ।