- ਭਾਰਤ ਕੋਲ ਦੱਖਣੀ ਅਫਰੀਕਾ ਵਿੱਚ ਦੂਜੀ ਵਾਰ ਸੀਰੀਜ਼ ਜਿੱਤਣ ਦਾ ਮੌਕਾ
- ਕੁਮੈਂਟ ਕਰਕੇ ਦੱਸੋ ਕੌਣ ਮਾਰੇਗਾ ਬਾਜ਼ੀ ?
ਨਵੀਂ ਦਿੱਲੀ, 19 ਦਸੰਬਰ 2023 – ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾਵੇਗਾ। ਮੈਚ ਸੇਂਟ ਜਾਰਜ ਪਾਰਕ ਸਟੇਡੀਅਮ, ਕੇਬੇਰਾ ਵਿਖੇ ਸ਼ਾਮ 4:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 4:00 ਵਜੇ ਹੋਵੇਗਾ।
ਟੀਮ ਇੰਡੀਆ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਟੀਮ ਨੇ ਪਹਿਲਾ ਮੈਚ 8 ਵਿਕਟਾਂ ਨਾਲ ਜਿੱਤ ਲਿਆ ਸੀ। ਭਾਰਤੀ ਟੀਮ ਤਿੰਨਾਂ ਫਾਰਮੈਟਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਦੌਰੇ ‘ਤੇ ਹੈ। ਇਸ ਦੀ ਸ਼ੁਰੂਆਤ ਟੀ-20 ਸੀਰੀਜ਼ ਨਾਲ ਹੋਈ ਸੀ। ਟੀ-20 ਸੀਰੀਜ਼ 1-1 ਨਾਲ ਬਰਾਬਰ ਰਹੀ।
ਟੀਮ ਇੰਡੀਆ ਨੇ ਦੱਖਣੀ ਅਫਰੀਕਾ ‘ਚ 6 ਵਨਡੇ ਸੀਰੀਜ਼ ਖੇਡੀਆਂ ਹਨ। ਇਸ ‘ਚ ਦੱਖਣੀ ਅਫਰੀਕਾ ਨੇ 5 ਸੀਰੀਜ਼ ਜਿੱਤੀਆਂ ਅਤੇ ਭਾਰਤ ਸਿਰਫ ਇਕ ਸੀਰੀਜ਼ ਜਿੱਤ ਸਕਿਆ। ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਉਹ ਸੀਰੀਜ਼ ‘ਤੇ ਕਬਜ਼ਾ ਕਰ ਲਵੇਗਾ ਅਤੇ ਮੇਜ਼ਬਾਨ ਦੇ ਘਰੇਲੂ ਮੈਦਾਨ ‘ਤੇ ਦੂਜੀ ਵਾਰ ਸੀਰੀਜ਼ ਜਿੱਤ ਲਵੇਗਾ। ਟੀਮ ਇੰਡੀਆ ਨੇ ਇੱਥੇ ਪਿਛਲੀ ਸੀਰੀਜ਼ 2018 ਦੇ ਦੌਰੇ ‘ਤੇ ਜਿੱਤੀ ਸੀ। ਉਦੋਂ ਭਾਰਤ ਨੇ 6 ਵਨਡੇ ਸੀਰੀਜ਼ ‘ਚ 5-1 ਨਾਲ ਜਿੱਤ ਦਰਜ ਕੀਤੀ ਸੀ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਫਾਰਮੈਟ ‘ਚ ਹੁਣ ਤੱਕ ਕੁੱਲ 16 ਸੀਰੀਜ਼ ਖੇਡੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 7 ਅਤੇ ਦੱਖਣੀ ਅਫਰੀਕਾ ਨੇ 6 ਜਿੱਤੀਆਂ ਹਨ। 2 ਸੀਰੀਜ਼ ਡਰਾਅ ਹੋ ਚੁੱਕੀਆਂ ਹਨ। ਦੋਵਾਂ ਟੀਮਾਂ ਵਿਚਾਲੇ ਕੁੱਲ 92 ਵਨਡੇ ਖੇਡੇ ਗਏ। ਦੱਖਣੀ ਅਫਰੀਕਾ ਨੇ 50 ਵਿੱਚ ਜਿੱਤ ਦਰਜ ਕੀਤੀ ਅਤੇ ਭਾਰਤ ਨੇ 39 ਵਿੱਚ ਜਿੱਤ ਦਰਜ ਕੀਤੀ। ਜਦਕਿ 3 ਮੈਚ ਬੇ-ਨਤੀਜਾ ਰਹੇ ਹਨ।