- ਭਾਰਤ ਸੀਰੀਜ਼ ‘ਚ 0-1 ਨਾਲ ਪਿੱਛੇ
- ਕੀ ਟੀਮ ਇੰਡੀਆ ਪਹਿਲੇ ਮੈਚ ਦੀ ਹਾਰ ਦਾ ਹਿਸਾਬ ਕਰੇਗੀ ਬਰਾਬਰ ?
- ਟੀਮ ਇੰਡੀਆ ਅਜੇ ਤੱਕ ਜ਼ਿੰਬਾਬਵੇ ਤੋਂ ਨਹੀਂ ਹਾਰੀ ਹੈ ਕੋਈ ਵੀ ਸੀਰੀਜ਼
ਨਵੀਂ ਦਿੱਲੀ, 7 ਜੁਲਾਈ 2024 – ਟੀਮ ਇੰਡੀਆ ਅਤੇ ਜ਼ਿੰਬਾਬਵੇ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾਵੇਗਾ। ਪਿਛਲੇ ਹਫਤੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਇੰਡੀਆ ਜ਼ਿੰਬਾਬਵੇ ਨੂੰ 5 ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 13 ਦੌੜਾਂ ਨਾਲ ਹਾਰ ਗਈ ਸੀ। ਟੀਮ ਸੀਰੀਜ਼ ‘ਚ 0-1 ਨਾਲ ਪਿੱਛੇ ਹੈ।
ਭਾਰਤੀ ਟੀਮ ਐਤਵਾਰ ਨੂੰ ਹੋਣ ਵਾਲੇ ਇਸ ਮੈਚ ਨਾਲ ਸੀਰੀਜ਼ ‘ਚ ਵਾਪਸੀ ਕਰਨਾ ਚਾਹੇਗੀ। ਪਹਿਲੇ ਮੈਚ ਵਿੱਚ ਰਿਆਨ ਪਰਾਗ, ਅਭਿਸ਼ੇਕ ਸ਼ਰਮਾ ਅਤੇ ਧਰੁਵ ਜੁਰੇਲ ਨੇ ਭਾਰਤ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ, ਪਰ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਤਿੰਨਾਂ ਨੇ ਮਿਲ ਕੇ 8 ਦੌੜਾਂ ਬਣਾਈਆਂ। ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਦੋਵੇਂ ਟੀਮਾਂ 9 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਭਾਰਤ ਨੇ 6 ਮੈਚ ਜਿੱਤੇ ਹਨ ਜਦਕਿ ਜ਼ਿੰਬਾਬਵੇ ਨੇ 3 ਮੈਚ ਜਿੱਤੇ ਹਨ।
ਜ਼ਿੰਬਾਬਵੇ ਵਿੱਚ ਵੀ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ। ਟੀਮ ਇੰਡੀਆ ਅਜੇ ਤੱਕ ਉੱਥੇ ਕੋਈ ਟੀ-20 ਸੀਰੀਜ਼ ਨਹੀਂ ਹਾਰੀ ਹੈ। 2015 ਵਿੱਚ ਦੋਵਾਂ ਟੀਮਾਂ ਵਿਚਾਲੇ ਖੇਡੀ ਗਈ ਦੋ ਮੈਚਾਂ ਦੀ ਲੜੀ 1-1 ਨਾਲ ਡਰਾਅ ਰਹੀ ਸੀ। ਜਦੋਂ ਕਿ 2010 ਵਿੱਚ ਭਾਰਤੀ ਟੀਮ ਨੇ ਜ਼ਿੰਬਾਬਵੇ ਵਿੱਚ 2 ਮੈਚਾਂ ਦੀ ਲੜੀ ਵਿੱਚ ਮੇਜ਼ਬਾਨ ਟੀਮ ਨੂੰ 2-0 ਨਾਲ ਹਰਾਇਆ ਸੀ।