ਨਵੀਂ ਦਿੱਲੀ, 10 ਨਵੰਬਰ 2024 – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਗਕੇਬਰਹਾ ‘ਚ ਖੇਡਿਆ ਜਾਵੇਗਾ। ਸੇਂਟ ਜਾਰਜ ਪਾਰਕ ਕ੍ਰਿਕੇਟ ਸਟੇਡੀਅਮ ਵਿੱਚ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਟਾਸ ਸ਼ਾਮ 7:00 ਵਜੇ ਹੋਵੇਗਾ। ਭਾਰਤ ਨੇ ਪਹਿਲਾ ਮੈਚ 61 ਦੌੜਾਂ ਨਾਲ ਜਿੱਤਿਆ ਸੀ। ਟੀਮ ਚਾਰ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ।
ਸੇਂਟ ਜਾਰਜ ਪਾਰਕ ‘ਚ ਦੋਵੇਂ ਟੀਮਾਂ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਇਹ ਮੁਕਾਬਲਾ ਪਿਛਲੇ ਸਾਲ ਦਸੰਬਰ ਵਿੱਚ ਹੋਇਆ ਸੀ। ਜਿਸ ‘ਚ ਦੱਖਣੀ ਅਫਰੀਕਾ 5 ਵਿਕਟਾਂ ਨਾਲ ਜਿੱਤਿਆ ਸੀ। ਦੱਖਣੀ ਅਫਰੀਕਾ ਦੀ ਟੀਮ ਪਿਛਲੇ 12 ਸਾਲਾਂ ਵਿੱਚ ਇੱਥੇ ਕੋਈ ਮੈਚ ਨਹੀਂ ਹਾਰੀ ਹੈ। ਇੱਥੇ ਉਨ੍ਹਾਂ ਦੀ ਆਖਰੀ ਹਾਰ 2007 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਹੋਈ ਸੀ।
ਦੋਵਾਂ ਵਿਚਾਲੇ ਹੁਣ ਤੱਕ 28 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਸ ਵਿੱਚ ਭਾਰਤ ਨੇ 16 ਅਤੇ ਦੱਖਣੀ ਅਫਰੀਕਾ ਨੇ 11 ਜਿੱਤੇ ਹਨ। ਜਦਕਿ ਇੱਕ ਮੈਚ ਬੇਨਤੀਜਾ ਰਿਹਾ ਹੈ। ਭਾਰਤ ਨੇ ਪਿਛਲੀ ਵਾਰ 2023 ਵਿੱਚ ਟੀ-20 ਸੀਰੀਜ਼ ਲਈ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ, ਜਿੱਥੇ ਦੋਵੇਂ ਟੀਮਾਂ ਨੇ ਸੀਰੀਜ਼ 1-1 ਨਾਲ ਡਰਾਅ ਖੇਡੀ ਸੀ, ਜਦੋਂ ਕਿ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਦੋਵਾਂ ਵਿਚਾਲੇ ਹੁਣ ਤੱਕ 9 ਟੀ-20 ਸੀਰੀਜ਼ ਖੇਡੀਆਂ ਗਈਆਂ ਹਨ, ਜਿਸ ‘ਚ ਭਾਰਤ ਨੇ 4 ਅਤੇ ਦੱਖਣੀ ਅਫਰੀਕਾ ਨੇ 2 ਜਿੱਤੀਆਂ ਹਨ। ਜਦਕਿ 3 ਸੀਰੀਜ਼ ਡਰਾਅ ਰਹੀਆਂ ਹਨ।