ਨਵੀਂ ਦਿੱਲੀ 3 ਨਵੰਬਰ 2022 – ਸ਼ਿਖਰ ਧਵਨ ਪੰਜਾਬ ਕਿੰਗਜ਼ ਦੇ ਨਵੇਂ ਕਪਤਾਨ ਹੋਣਗੇ। ਆਈਪੀਐਲ ਸੀਜ਼ਨ 2022 ਵਿੱਚ ਧਵਨ ਕਿੰਗਜ਼ ਨਾਲ ਜੁੜੇ ਸਨ ਅਤੇ ਹੁਣ ਉਨ੍ਹਾਂ ਨੂੰ ਅਗਲੇ ਸੀਜ਼ਨ ਲਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਮਯੰਕ ਅਗਰਵਾਲ ਦੀ ਜਗ੍ਹਾ ਸ਼ਿਖਰ ਧਵਨ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਕੇਐਲ ਰਾਹੁਲ ਤੋਂ ਬਾਅਦ ਮਯੰਕ ਨੂੰ ਪੰਜਾਬ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਮਯੰਕ ਅਗਰਵਾਲ ਦੀ ਕਪਤਾਨੀ ਵਿੱਚ, ਪੰਜਾਬ ਕਿੰਗਜ਼ ਨੇ ਆਈਪੀਐਲ ਸੀਜ਼ਨ 2022 ਵਿੱਚ ਛੇਵਾਂ ਸਥਾਨ ਹਾਸਲ ਕੀਤਾ।
ਪੰਜਾਬ ਕਿੰਗਜ਼ ਨੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸ਼ਿਖਰ ਧਵਨ ਨੂੰ ਨਵਾਂ ਕਪਤਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਧਵਨ ਅਗਲੇ ਸੀਜ਼ਨ ‘ਚ ਪੰਜਾਬ ਕਿੰਗਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਸ਼ਿਖਰ ਧਵਨ ਇਨ੍ਹੀਂ ਦਿਨੀਂ ਟੀਮ ਇੰਡੀਆ ਲਈ ਟੈਸਟ ਅਤੇ ਟੀ-20 ਟੀਮ ਦਾ ਹਿੱਸਾ ਨਹੀਂ ਹਨ। ਇਸ ਦੇ ਨਾਲ ਹੀ ਧਵਨ ਵਨਡੇ ਟੀਮ ਦਾ ਹਿੱਸਾ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਇਸ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ।
ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ 2022 ਤੋਂ ਬਾਅਦ ਨਿਊਜ਼ੀਲੈਂਡ ‘ਚ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਕਪਤਾਨ ਵੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਰਤ ‘ਚ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਦੱਖਣੀ ਅਫਰੀਕਾ ਖਿਲਾਫ ਟੀਮ ਦੀ ਕਪਤਾਨੀ ਕੀਤੀ ਸੀ ਅਤੇ ਉਸ ‘ਚ ਵੀ ਭਾਰਤ ਨੇ ਜਿੱਤ ਦਰਜ ਕੀਤੀ ਸੀ।
ਸ਼ਿਖਰ ਧਵਨ ਨੇ ਸਾਲ 2022 ਵਿੱਚ ਪੰਜਾਬ ਕਿੰਗਜ਼ ਲਈ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਸਨੇ 14 ਮੈਚਾਂ ਵਿੱਚ 38.33 ਦੀ ਔਸਤ ਨਾਲ 460 ਦੌੜਾਂ ਬਣਾਈਆਂ, ਜਿਸ ਵਿੱਚ 3 ਅਰਧ ਸੈਂਕੜੇ ਸ਼ਾਮਲ ਹਨ। ਉਸ ਦਾ ਸਟ੍ਰਾਈਕ ਰੇਟ 122.67 ਰਿਹਾ ਅਤੇ ਉਸ ਨੇ ਨਾਬਾਦ 88 ਦੌੜਾਂ ਦੀ ਸਰਵੋਤਮ ਪਾਰੀ ਖੇਡੀ। ਧਵਨ ਦੇ ਆਈਪੀਐਲ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ 206 ਮੈਚਾਂ ਵਿੱਚ 35.08 ਦੀ ਔਸਤ ਨਾਲ 6244 ਦੌੜਾਂ ਬਣਾਈਆਂ ਹਨ, ਜਿਸ ਵਿੱਚ ਦੋ ਸੈਂਕੜੇ ਅਤੇ 47 ਅਰਧ ਸੈਂਕੜੇ ਸ਼ਾਮਲ ਹਨ। ਧਵਨ ਆਈਪੀਐਲ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਆਈਪੀਐਲ ਵਿੱਚ ਉਸ ਦੀ ਸਰਵੋਤਮ ਪਾਰੀ ਨਾਬਾਦ 106 ਰਹੀ।