- ਟੀਮ ਇੰਡੀਆ ਦਾ 8 ਅਕਤੂਬਰ ਨੂੰ ਮੁਕਾਬਲਾ ਆਸਟ੍ਰੇਲੀਆ ਨਾਲ
ਨਵੀਂ ਦਿੱਲੀ, 6 ਅਕਤੂਬਰ 2023 – ਟੀਮ ਇੰਡੀਆ ਦੇ ਓਪਨਰ ਸ਼ੁਭਮਨ ਗਿੱਲ ਦਾ ਡੇਂਗੂ ਟੈਸਟ ਪਾਜ਼ੀਟਿਵ ਆਇਆ ਹੈ। ਵਿਸ਼ਵ ਕੱਪ 2023 ‘ਚ ਭਾਰਤ ਆਪਣਾ ਪਹਿਲਾ ਮੈਚ ਐਤਵਾਰ ਯਾਨੀ 8 ਅਕਤੂਬਰ ਨੂੰ ਚੇਨਈ ‘ਚ ਆਸਟ੍ਰੇਲੀਆ ਖਿਲਾਫ ਖੇਡੇਗਾ। ਇਸ ਮੈਚ ‘ਚ ਗਿੱਲ ਦੇ ਖੇਡਣ ‘ਤੇ ਅਜੇ ਸ਼ੱਕ ਹੈ। ਗਿੱਲ ਦੀ ਗੈਰ-ਮੌਜੂਦਗੀ ਵਿੱਚ ਈਸ਼ਾਨ ਕਿਸ਼ਨ ਅਤੇ ਰੋਹਿਤ ਸ਼ਰਮਾ ਓਪਨ ਕਰ ਸਕਦੇ ਹਨ।
ਰਿਪੋਰਟ ਮੁਤਾਬਕ ਗਿੱਲ ਨੇ ਵੀਰਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ ‘ਚ ਟੀਮ ਦੇ ਨੈੱਟ ਸੈਸ਼ਨ ‘ਚ ਵੀ ਹਿੱਸਾ ਨਹੀਂ ਲਿਆ। ਗਿੱਲ ਦਾ ਸ਼ੁੱਕਰਵਾਰ ਯਾਨੀ ਅੱਜ ਇਕ ਹੋਰ ਟੈਸਟ ਹੋਵੇਗਾ, ਜਿਸ ਤੋਂ ਬਾਅਦ ਖੇਡਣ ਬਾਰੇ ਫੈਸਲਾ ਲਿਆ ਜਾਵੇਗਾ।
ਬੀਸੀਸੀਆਈ ਦੇ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ, ‘ਸ਼ੁਭਮਨ ਨੂੰ ਚੇਨਈ ਪਹੁੰਚਣ ਤੋਂ ਬਾਅਦ ਤੇਜ਼ ਬੁਖਾਰ ਹੈ। ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਉਸ ਦੇ ਹੋਰ ਟੈਸਟ ਹੋਣਗੇ ਅਤੇ ਰਿਪੋਰਟ ਆਉਣ ਤੋਂ ਬੱਸ ਉਸ ਦੇ ਸ਼ੁਰੂਆਤੀ ਮੈਚ ‘ਚ ਖੇਡਣ ‘ਤੇ ਫੈਸਲਾ ਲਿਆ ਜਾਵੇਗਾ।
ਸ਼ੁਭਮਨ ਗਿੱਲ ਇਸ ਸਾਲ ਸ਼ਾਨਦਾਰ ਫਾਰਮ ‘ਚ ਹਨ। ਗਿੱਲ 2023 ਵਿੱਚ ਵਨਡੇ ਵਿੱਚ ਭਾਰਤ ਦੇ ਸਭ ਤੋਂ ਵੱਧ ਸਕੋਰਰ ਹਨ। ਸਲਾਮੀ ਬੱਲੇਬਾਜ਼ ਨੇ 2023 ਵਿੱਚ 20 ਵਨਡੇ ਮੈਚਾਂ ਵਿੱਚ 72.35 ਦੀ ਔਸਤ ਅਤੇ 105.03 ਦੀ ਸਟ੍ਰਾਈਕ ਰੇਟ ਨਾਲ 1,230 ਦੌੜਾਂ ਬਣਾਈਆਂ ਹਨ। ਉਸ ਦੇ 6 ਵਨਡੇ ਸੈਂਕੜਿਆਂ ‘ਚੋਂ 5 ਇਸ ਸਾਲ ਆਏ ਹਨ।