ਏਸ਼ੀਅਨ ਗੇਮਜ਼ ਵਿੱਚ ਸੋਨ ਤਮਗਾ ਜਿੱਤ ਕੇ ਆਉਣ ਵਾਲੀ ਫਰੀਦਕੋਟ ਦੀ ਸਿਫਤ ਸਮਰਾ ਦਾ ਜਿਲ੍ਹਾ ਪ੍ਰਸ਼ਾਸ਼ਨ ਨੇ ਢੋਲ ਢਮੱਕੇ ਨਾਲ ਕੀਤਾ ਸਵਾਗਤ

  • ਨਹਿਰੂ ਸਟੇਡੀਅਮ ਵਿਖੇ ਸ਼ਾਨਦਾਰ ਸਮਾਗਮ ਵਿੱਚ ਇਲਾਕਾ ਨਿਵਾਸੀਆਂ ਨੇ ਸਿਫਤ ਸਮਰਾ ਨੂੰ ਦਿੱਤੀਆਂ ਵਧਾਈਆਂ

ਦੀਪਕ ਗਰਗ

ਫਰੀਦਕੋਟ 5 ਅਕਤੂਬਰ 2023 – ਏਸ਼ੀਅਨ ਗੇਮਜ਼ ਦੌਰਾਨ ਸ਼ੂਟਿੰਗ ਵਿੱਚ ਸੋਨ ਤਮਗਾ ਜਿੱਤਣ ਵਾਲੀ ਸਿਫਤ ਕੌਰ ਸਮਰਾ ਦਾ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਢੋਲ ਢਮੱਕੇ ਦੇ ਨਾਲ ਸਥਾਨਕ ਨਹਿਰੂ ਸਟੇਡੀਅਮ ਵਿਖੇ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਫਰੀਦਕੋਟ ਐਮ.ਐਲ.ਏ ਗੁਰਦਿੱਤ ਸਿੰਘ ਸੇਖੋਂ ਦੀ ਧਰਮ ਪਤਨੀ ਸਰਦਾਰਨੀ ਬੇਅੰਤ ਕੌਰ ਸੇਖੋਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ, ਜ਼ਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਸਿਫਤ ਕੌਰ ਨੇ ਨਾ ਕੇਵਲ ਫਰੀਦਕੋਟ ਬਲਕਿ ਪੂਰੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਿਫਤ ਕੌਰ ਸਮਰਾ ਅੱਗੇ ਆਉਣ ਵਾਲੀਆਂ ਉਲੰਪਿਕ ਗੇਮਜ਼ ਵਿੱਚ ਜਾ ਕੇ ਸੋਨੇ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਸਿਫਤ ਕੌਰ ਸਮਰਾ ਉਦਹਾਰਨ ਹੈ ਕਿ ਛੋਟੇ ਜਿਹੇ ਜਿਲ੍ਹੇ ਨਾਲ ਸਬੰਧ ਰੱਖਣ ਵਾਲੀਆਂ ਕੁੜੀਆਂ ਦੇਸ਼ ਦਾ ਨਾਮ ਚਮਕਾ ਸਕਦੀਆਂ ਹਨ। ਉਨ੍ਹਾਂ ਹਾਜ਼ਰ ਬਾਕੀ ਖਿਡਾਰੀਆਂ ਨੂੰ ਕਿਹਾ ਕਿ ਉਹ ਵੀ ਸਿਫਤ ਕੌਰ ਸਮਰਾ ਤੋਂ ਪ੍ਰੇਰਨਾ ਲੈ ਕੇ ਦੇਸ਼ ਲਈ ਹੋਰ ਤਮਗੇ ਲਿਆਉਣ ਅਤੇ ਫਰੀਦਕੋਟ ਜਿਲ੍ਹੇ ਦਾ ਨਾਮ ਚਮਕਾਉਣ।

ਜਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਨਿਸ਼ਾਨੇਬਾਜ਼ੀ ਦੀ ਇਸ ਖੇਡ ਵਿੱਚ ਤਿੰਨ ਰਾਊਂਡ (ਲੇਟ ਕੇ, ਬੈਠ ਕੇ ਅਤੇ ਖੜ੍ਹੇ ਹੋ ਕੇ) ਨਿਸ਼ਾਨਾ ਲਗਾਉਣ ਤੇ ਹਰ ਰਾਊਂਡ ਵਿੱਚ 20 ਵਾਰ ਫਾਇਰ ਕੀਤੇ ਜਾਂਦੇ ਹਨ ਅਤੇ ਹਰ ਫਾਇਰ ਦੇ ਵੱਧ ਤੋਂ ਵੱਧ 10 ਅੰਕ ਦਿੱਤੇ ਜਾਂਦੇ ਹਨ। ਸਿਫਤ ਸਮਰਾ ਨੇ ਇਨ੍ਹਾਂ ਤਿੰਨਾਂ ਰਾਊਂਡਾਂ ਵਿੱਚ ਕੁੱਲ 60 ਰਾਊਂਡ ਫਾਇਰ ਕੀਤੇ, ਜਿਸ ਵਿੱਚ ਉਸਨੇ 600 ਵਿੱਚੋਂ 594 ਅੰਕ ਪ੍ਰਾਪਤ ਕੀਤੇ ਅਤੇ ਦੇਸ਼ ਦੀ ਝੋਲੀ ਵਿੱਚ ਸੋਨ ਤਮਗਾ ਪਾਇਆ।

ਸਿਫਤ ਕੌਰ ਸਮਰਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਖੁਸ਼ੀ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਨੇ ਉਨ੍ਹਾਂ ਦਾ ਸਵਾਗਤ ਬੜੇ ਵਧੀਆ ਤਰੀਕੇ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਅੱਗੇ ਆਉਣ ਵਾਲੀਆਂ ਖੇਡਾਂ ਲਈ ਬਹੁਤ ਜਿਆਦਾ ਸਹਿਯੋਗ ਮਿਲੇਗਾ।

ਉਲੰਪਿਕ ਖੇਡਾਂ ਬਾਰੇ ਪੱਤਰਾਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਸ ਕੋਲ ਪਹਿਲਾਂ ਹੀ ਉਲੰਪਿਕ ਕੋਟਾ ਹੈ ਪਰ ਖੇਡਣ ਲਈ ਕੌਣ ਜਾਵੇਗਾ ਇਹ ਸਮੇਂ ਤੇ ਹੀ ਪਤਾ ਲੱਗੇਗਾ।

ਜਿਕਰਯੋਗ ਹੈ ਕਿ ਸਿਫਤ ਕੌਰ ਸਮਰਾ ਸਥਾਨਿਕ ਦਸ਼ਮੇਸ਼ ਸਕੂਲ ਦੇ ਵਿਦਿਆਰਥਣ ਰਹੀ ਹੈ ਅਤੇ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਡੀ.ਪੀ.ਐੱਡ (ਡਿਪਲੋਮਾ ਆਫ ਫਿਜ਼ੀਕਲ ਐਜੂਕੇਸ਼ਨ) ਕਰ ਰਹੀ ਹੈ। ਏਸ਼ੀਅਨ ਗੇਮਜ਼ ਦੌਰਾਨ 50 ਮੀਟਰ 3-ਪੀ ਟੀਮ ਮੁਕਾਬਲਿਆਂ ਵਿੱਚ ਸਿਫਤ ਨੇ ਸੋਨ ਤਮਗਾ ਹਾਸਲ ਕੀਤਾ ਸੀ।

ਇਸ ਮੌਕੇ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਜਿਲ੍ਹਾ ਵਾਸੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮਗਵਾ ਕੇ ਤਸਕਰੀ ਕਰਨ ਵਾਲਾ ਤਿੰਨ ਕਿਲੋ ਹੈਰੋਇਨ ਸਮੇਤ ਕਾਬੂ

ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 2,50,571 ਮੀਟਰਕ ਟਨ ਝੋਨੇ ਦੀ ਆਮਦ : ਕਟਾਰੂਚੱਕ