ਨਵੀਂ ਦਿੱਲੀ, 14 ਸਤੰਬਰ 2023 – ਏਸ਼ੀਆ ਕੱਪ-2023 ਦਾ 5ਵਾਂ ਸੁਪਰ-4 ਮੈਚ ਅੱਜ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ।
ਅੱਜ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਪ੍ਰਵੇਸ਼ ਕਰੇਗੀ, ਜਦੋਂ ਕਿ ਦੂਜੀ ਟੀਮ ਬਾਹਰ ਹੋ ਜਾਵੇਗੀ। ਜੇਕਰ ਸ਼੍ਰੀਲੰਕਾ ਹਾਰਦਾ ਹੈ ਤਾਂ ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਫਾਈਨਲ ਖੇਡਣਗੇ। ਸ਼੍ਰੀਲੰਕਾ ਅਤੇ ਪਾਕਿਸਤਾਨ ਦੇ 2-2 ਅੰਕ ਹਨ ਅਤੇ ਮੈਚ ਜਿੱਤਣ ਵਾਲੀ ਟੀਮ ਦੇ 4 ਅੰਕ ਹੋਣਗੇ। ਭਾਰਤ ਪਹਿਲਾਂ ਹੀ 4 ਅੰਕਾਂ ਨਾਲ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਚੁੱਕਾ ਹੈ।
ਜੇਕਰ ਮੈਚ ਮੀਂਹ ਕਾਰਨ ਰੱਦ ਹੁੰਦਾ ਹੈ ਤਾਂ ਸ਼੍ਰੀਲੰਕਾ ਦੀ ਟੀਮ ਫਾਈਨਲ ਖੇਡੇਗੀ। ਕਿਉਂਕਿ ਇਸ ਦੀ ਰਨ ਰੇਟ ਪਾਕਿਸਤਾਨ ਨਾਲੋਂ ਬਿਹਤਰ ਹੈ।
ਦੋਵਾਂ ਟੀਮਾਂ ਦਾ ਇਹ ਤੀਜਾ ਅਤੇ ਆਖਰੀ ਸੁਪਰ-4 ਮੈਚ ਹੈ। ਮੌਜੂਦਾ ਚੈਂਪੀਅਨ ਸ੍ਰੀਲੰਕਾ ਨੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 21 ਦੌੜਾਂ ਨਾਲ ਹਰਾਇਆ ਸੀ ਅਤੇ ਦੂਜੇ ਮੈਚ ਵਿੱਚ ਭਾਰਤ ਤੋਂ 41 ਦੌੜਾਂ ਨਾਲ ਹਾਰ ਗਈ ਸੀ। ਦੂਜੇ ਪਾਸੇ ਪਾਕਿਸਤਾਨ ਨੇ ਪਹਿਲੇ ਸੁਪਰ-4 ਮੈਚ ਵਿੱਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ ਸੀ ਅਤੇ ਦੂਜੇ ਵਿੱਚ ਭਾਰਤ ਤੋਂ 228 ਦੌੜਾਂ ਨਾਲ ਹਾਰ ਗਈ ਸੀ।
ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਹੁਣ ਤੱਕ 155 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਪਾਕਿਸਤਾਨ ਨੇ 92 ਅਤੇ ਸ਼੍ਰੀਲੰਕਾ ਨੇ 58 ਮੈਚ ਜਿੱਤੇ ਹਨ। 4 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਇਕ ਮੈਚ ਟਾਈ ਰਿਹਾ।
ਵਨਡੇ ਫਾਰਮੈਟ ‘ਚ ਆਖਰੀ ਵਾਰ ਦੋਵੇਂ ਟੀਮਾਂ 2019 ‘ਚ ਆਹਮੋ-ਸਾਹਮਣੇ ਹੋਈਆਂ ਸਨ, ਜਦੋਂ ਪਾਕਿਸਤਾਨ ਨੇ ਜਿੱਤ ਦਰਜ ਕੀਤੀ ਸੀ। ਜੇਕਰ ਪਾਕਿਸਤਾਨ ਇਹ ਮੈਚ ਜਿੱਤ ਜਾਂਦਾ ਹੈ ਤਾਂ ਇਹ ਸ਼੍ਰੀਲੰਕਾ ‘ਤੇ ਉਸ ਦੀ ਲਗਾਤਾਰ ਨੌਵੀਂ ਜਿੱਤ ਹੋਵੇਗੀ।