- ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ
- ਹੁਣ ਫਾਈਨਲ ‘ਚ ਭਾਰਤ ਜਾਂ ਇੰਗਲੈਂਡ ਨਾਲ ਹੋਵੇਗਾ ਸਾਹਮਣਾ
ਨਵੀਂ ਦਿੱਲੀ, 27 ਜੂਨ 2024 – ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਦੱਖਣੀ ਅਫਰੀਕਾ ਪਹਿਲੀ ਵਾਰ ਫਾਈਨਲ ‘ਚ ਪਹੁੰਚਿਆ ਹੈ ਅਤੇ ਇਸ ਵਿਸ਼ਵ ਕੱਪ ‘ਚ ਅਫਗਾਨਿਸਤਾਨ ਦਾ ਸਫਰ ਇੱਥੇ ਹੀ ਖਤਮ ਹੋ ਗਿਆ।
ਤ੍ਰਿਨੀਦਾਦ ਅਤੇ ਟੋਬੈਗੋ ਦੇ ਬ੍ਰਾਇਨ ਲਾਰਾ ਸਟੇਡੀਅਮ ਵਿੱਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਸਿਰਫ਼ 11.5 ਓਵਰਾਂ ‘ਚ 56 ਦੌੜਾਂ ‘ਤੇ ਸਿਮਟ ਗਈ। ਜਵਾਬ ‘ਚ ਦੱਖਣੀ ਅਫਰੀਕਾ ਨੇ 8.5 ਓਵਰਾਂ ‘ਚ 1 ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ।
ਇਹ ਟੀ-20 ਅੰਤਰਰਾਸ਼ਟਰੀ ਵਿੱਚ ਅਫਗਾਨਿਸਤਾਨ ਦਾ ਸਭ ਤੋਂ ਛੋਟਾ ਟੋਟਲ ਹੈ। ਇਸ ਟੀਮ ਦਾ ਪਿਛਲਾ ਸਭ ਤੋਂ ਘੱਟ ਟੀਮ ਸਕੋਰ 72 ਦੌੜਾਂ ਸੀ, ਜੋ 2014 ਟੀ-20 ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਵਿਰੁੱਧ ਬਣਾਇਆ ਗਿਆ ਸੀ।
ਅਫਗਾਨਿਸਤਾਨ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਅਜ਼ਮਤੁੱਲਾ ਉਮਰਜ਼ਈ ਨੇ ਸਭ ਤੋਂ ਵੱਧ 10 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕੋਈ ਵੀ ਖਿਡਾਰੀ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ। ਦੱਖਣੀ ਅਫਰੀਕਾ ਵੱਲੋਂ ਮਾਰਕੋ ਜਾਨਸਨ ਅਤੇ ਤਬਰੇਜ਼ ਸ਼ਮਸੀ ਨੇ 3-3 ਵਿਕਟਾਂ ਲਈਆਂ। ਕਾਗਿਸੋ ਰਬਾਡਾ ਅਤੇ ਐਨਰਿਕ ਨੌਰਟਿਆ ਨੇ 2-2 ਵਿਕਟਾਂ ਲਈਆਂ।