- ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ 14 ਦਸੰਬਰ ਨੂੰ ਜੋਹਾਨਸਬਰਗ ‘ਚ
ਨਵੀਂ ਦਿੱਲੀ, 13 ਦਸੰਬਰ 2023 – ਮੇਜ਼ਬਾਨ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਟੀ-20 ਸੀਰੀਜ਼ ਦਾ ਦੂਜਾ ਮੈਚ 5 ਵਿਕਟਾਂ ਨਾਲ ਜਿੱਤ ਲਿਆ ਹੈ। ਮੰਗਲਵਾਰ ਨੂੰ ਕੇਬੇਰਾ ਦੇ ਸੇਂਟ ਜਾਰਜ ਸਟੇਡੀਅਮ ‘ਚ ਅਫਰੀਕੀ ਟੀਮ ਨੂੰ DLS ਵਿਧੀ ਦੇ ਤਹਿਤ 15 ਓਵਰਾਂ ‘ਚ 152 ਦੌੜਾਂ ਦਾ ਸੋਧਿਆ ਟੀਚਾ ਮਿਲਿਆ, ਜਿਸ ਨੂੰ ਅਫਰੀਕੀ ਬੱਲੇਬਾਜ਼ਾਂ ਨੇ ਸਿਰਫ 13.5 ਓਵਰਾਂ ‘ਚ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.3 ਓਵਰਾਂ ‘ਚ 7 ਵਿਕਟਾਂ ‘ਤੇ 180 ਦੌੜਾਂ ਬਣਾਈਆਂ।
ਇਸ ਜਿੱਤ ਨਾਲ ਦੱਖਣੀ ਅਫਰੀਕਾ ਨੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਸੀਰੀਜ਼ ਦਾ ਤੀਜਾ ਮੈਚ 14 ਦਸੰਬਰ ਨੂੰ ਜੋਹਾਨਸਬਰਗ ‘ਚ ਹੋਵੇਗਾ।
ਭਾਰਤੀ ਟੀਮ ਦੀ ਤਰਫੋਂ ਕਪਤਾਨ ਸੂਰਿਆਕੁਮਾਰ ਯਾਦਵ (56 ਦੌੜਾਂ) ਅਤੇ ਰਿੰਕੂ ਸਿੰਘ (68 ਦੌੜਾਂ) ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਸੂਰਿਆ ਨੇ 17ਵਾਂ ਅਰਧ ਸੈਂਕੜਾ ਜੜਿਆ ਜਦਕਿ ਰਿੰਕੂ ਸਿੰਘ ਨੇ ਪਹਿਲਾ ਅਰਧ ਸੈਂਕੜਾ ਲਗਾਇਆ ਪਰ ਇਹ ਅਰਧ ਸੈਂਕੜੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ।
ਜਵਾਬੀ ਪਾਰੀ ਵਿੱਚ ਰੀਜ਼ਾ ਹੈਂਡਰਿਕਸ (49 ਦੌੜਾਂ) ਦੇ ਨਾਲ ਮੈਥਿਊ ਬ੍ਰਿਟਜ਼ਕੀ (16 ਦੌੜਾਂ) ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਇਸ ਤੋਂ ਬਾਅਦ ਕਪਤਾਨ ਏਡਨ ਮਾਰਕਰਮ ਨੇ 30 ਦੌੜਾਂ ਦੀ ਅਹਿਮ ਪਾਰੀ ਖੇਡੀ। ਫਿਰ ਡੇਵਿਡ ਮਿਲਰ ਅਤੇ ਟ੍ਰਿਸਟਨ ਸਟੱਬਸ ਨੇ ਟੀਮ ਨੂੰ ਜਿੱਤ ਵੱਲ ਲੈ ਕੇ ਗਏ।