ਚੰਡੀਗੜ੍ਹ, 5 ਅਗਸਤ 2022 – ਪੰਜਾਬ ਵਿੱਚ ਖਿਡਾਰੀਆਂ ਨੂੰ ਬਿਨਾਂ ਕਿਸੇ ਟੈਸਟ ਦੇ ਸਰਕਾਰੀ ਨੌਕਰੀ ਮਿਲੇਗੀ। ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਸਰਕਾਰ ਕਾਫੀ ਉਤਸ਼ਾਹਿਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਖੇਡ ਵਿਭਾਗ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਕਿਹਾ ਕਿ ਜਲਦੀ ਹੀ ਪੰਜਾਬ ਦੀ ਖੇਡ ਨੀਤੀ ਲਿਆ ਰਹੇ ਹਾਂ। ਜਿਨ੍ਹਾਂ ਰਾਜਾਂ ਦੀ ਖੇਡ ਨੀਤੀ ਚੰਗੀ ਹੈ, ਉਨ੍ਹਾਂ ਦਾ ਵੀ ਅਧਿਐਨ ਕੀਤਾ ਜਾ ਰਿਹਾ ਹੈ। ਖਿਡਾਰੀ ਆਪਣਾ ਕੰਮ ਕਰ ਰਹੇ ਹਨ, ਹੁਣ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਉਨ੍ਹਾਂ ਦੀਆਂ ਸਹੂਲਤਾਂ ਦਾ ਧਿਆਨ ਰੱਖੇ।
ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਦੱਸਿਆ ਕਿ ਸੀਐਮ ਭਗਵੰਤ ਮਾਨ ਨਾਲ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜੋ ਵੀ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤੇਗਾ, ਉਸ ਨੂੰ 75 ਲੱਖ ਦਾ ਇਨਾਮ ਦਿੱਤਾ ਜਾਵੇਗਾ। ਚਾਂਦੀ ਦਾ ਤਗਮਾ ਜੇਤੂ ਨੂੰ 50 ਲੱਖ ਅਤੇ ਕਾਂਸੀ ਦਾ ਤਗਮਾ ਜੇਤੂ ਨੂੰ 40 ਲੱਖ ਰੁਪਏ ਦਿੱਤੇ ਜਾਣਗੇ।
ਸਰਕਾਰ ਨੇ ਨਾਭਾ ਦੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਦੀ ਤਾਰੀਫ ਕੀਤੀ। ਉਹ ਇੱਕ ਕਮਰੇ ਦੇ ਘਰ ਵਿੱਚ ਰਹਿੰਦੀ ਹੈ। ਇੱਕ ਮਸ਼ੀਨ ਚਲਾਉਂਦੀ ਹੈ ਜੋ ਪਸ਼ੂਆਂ ਦੇ ਚਾਰੇ ਨੂੰ ਕੱਟਦੀ ਹੈ। ਇਸ ਦੇ ਬਾਵਜੂਦ ਉਸ ਨੇ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਖੇਡ ਮੰਤਰੀ ਨੇ ਕਿਹਾ ਕਿ ਹਰਜਿੰਦਰ ਕੌਰ ਇੱਕ ਪ੍ਰੇਰਨਾ ਸਰੋਤ ਹੈ। ਜਿਸ ਨੇ ਇੰਨੇ ਨੀਵੇਂ ਪੱਧਰ ਤੋਂ ਰਾਸ਼ਟਰਮੰਡਲ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਜਲਦੀ ਹੀ ਸੂਬੇ ਵਿੱਚ ਖੇਡ ਮੇਲਾ ਕਰਵਾਇਆ ਜਾਵੇਗਾ। ਜਿਸ ਵਿੱਚ ਪਿੰਡ ਪੱਧਰ ਤੋਂ ਪ੍ਰਤਿਭਾ ਨੂੰ ਨਿਖਾਰਿਆ ਜਾਵੇਗਾ। ਇਸ ਤਹਿਤ ਪਿੰਡਾਂ ਵਿੱਚ ਸਟੇਡੀਅਮ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇਗਾ। ਖੇਡ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਡ ਮੇਲੇ ਰਾਹੀਂ ਪੰਜਾਬ ਨੂੰ ਖੇਡਾਂ ਨਾਲ ਜੋੜਿਆ ਜਾਵੇਗਾ। ਪੰਜਾਬ ਨੂੰ ਪਹਿਲਾਂ ਵਾਂਗ ਹੀ ਖੇਡਾਂ ਵਿੱਚ ਨੰਬਰ ਇੱਕ ਬਣਾਵੇਗੀ।