ਨਵੀਂ ਦਿੱਲੀ, 6 ਨਵੰਬਰ 2022 – ਆਸਟ੍ਰੇਲੀਆ ‘ਚ ਚੱਲ ਰਹੇ ਟੀ-20 ਵਿਸ਼ਵ ਕੱਪ ‘ਚ ਐਤਵਾਰ ਨੂੰ ਖੇਡੇ ਗਏ ਪਹਿਲੇ ਮੈਚ ‘ਚ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਨੀਦਰਲੈਂਡ ਦੀ ਜਿੱਤ ਨੇ ਗਰੁੱਪ-2 ਦੇ ਸਮੀਕਰਨ ਬਦਲ ਦਿੱਤੇ। ਭਾਰਤ ਸਿੱਧੇ ਸੈਮੀਫਾਈਨਲ ‘ਚ ਪਹੁੰਚ ਗਿਆ ਹੈ। ਜਦਕਿ ਦੱਖਣੀ ਅਫਰੀਕਾ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਹੈ।
ਹੁਣ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਮੈਚ ‘ਚ ਜੇਤੂ ਟੀਮ ਸੈਮੀਫਾਈਨਲ ‘ਚ ਪਹੁੰਚ ਜਾਵੇਗੀ। ਦੋਵਾਂ ਵਿਚਾਲੇ ਮੈਚ ਕੁਝ ਦੇਰ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ। ਐਡੀਲੇਡ ਵਿੱਚ ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 158 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਫਰੀਕੀ ਬੱਲੇਬਾਜ਼ 145 ਦੌੜਾਂ ਹੀ ਬਣਾ ਸਕੇ।
ਅੰਕ ਸੂਚੀ ‘ਤੇ ਨਜ਼ਰ ਮਾਰੀਏ ਤਾਂ ਟੀਮ ਇੰਡੀਆ ਸਿਖਰ ‘ਤੇ ਹੈ। ਉਸ ਨੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। 4 ਮੈਚਾਂ ਤੋਂ ਬਾਅਦ ਉਸ ਦੇ ਖਾਤੇ ‘ਚ 6 ਅੰਕ ਹਨ। ਟੀਮ ਨੇ 3 ਜਿੱਤਾਂ ਦਰਜ ਕੀਤੀਆਂ ਹਨ। ਜਦਕਿ ਇੱਕ ਮੈਚ ਹਾਰ ਗਿਆ ਹੈ। ਉਸ ਨੇ ਅੱਜ ਜ਼ਿੰਬਾਬਵੇ ਖਿਲਾਫ ਮੈਚ ਖੇਡਣਾ ਹੈ।
ਨੀਦਰਲੈਂਡ ਤੋਂ ਹਾਰਨ ਤੋਂ ਬਾਅਦ ਦੱਖਣੀ ਅਫਰੀਕਾ ਦੇ ਖਾਤੇ ‘ਚ 5 ਅੰਕ ਹੋ ਗਏ ਹਨ। ਟੀਮ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਚੁੱਕੀ ਹੈ। ਮੈਚ ਰੱਦ ਹੋਣ ਦੀ ਸੂਰਤ ਵਿੱਚ ਹੀ ਅਫਰੀਕਾ ਲਈ ਟਾਪ-4 ਦੇ ਦਰਵਾਜ਼ੇ ਖੁੱਲ੍ਹਣਗੇ।
ਨੀਦਰਲੈਂਡ ਦੀ ਜਿੱਤ ਤੋਂ ਬਾਅਦ ਪਾਕਿਸਤਾਨ-ਬੰਗਲਾਦੇਸ਼ ਲਈ ਮੌਕੇ ਬਣ ਗਏ ਹਨ। ਦੋਵਾਂ ਦੇ 4-4 ਅੰਕ ਇੱਕੋ ਜਿਹੇ ਹਨ। ਅਜਿਹੇ ‘ਚ ਅਗਲਾ ਮੈਚ ਜਿੱਤਣ ਵਾਲੀ ਟੀਮ ਟਾਪ-4 ‘ਚ ਪਹੁੰਚ ਜਾਵੇਗੀ।