ਨਵੀਂ ਦਿੱਲੀ, 20 ਜੂਨ 2024 – ਟੀਮ ਇੰਡੀਆ ਅੱਜ ਆਪਣਾ ਪਹਿਲਾ ਸੁਪਰ-8 ਮੈਚ ਅਫਗਾਨਿਸਤਾਨ ਖਿਲਾਫ ਖੇਡੇਗੀ। ਟੀਮ ਇੰਡੀਆ ਟੀ-20 ਵਿਸ਼ਵ ਕੱਪ ‘ਚ ਹੁਣ ਤੱਕ ਅਜੇਤੂ ਹੈ, ਜਦਕਿ ਅਫਗਾਨਿਸਤਾਨ ਆਖਰੀ ਮੈਚ ਵੈਸਟਇੰਡੀਜ਼ ਤੋਂ ਹਾਰ ਚੁੱਕਾ ਹੈ, ਪਰ ਇਸ ਮੈਚ ਦੇ ਰੋਮਾਂਚਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।
ਕਾਰਨ ਹੈ ਇਸ ਸਾਲ 17 ਜਨਵਰੀ ਨੂੰ ਖੇਡਿਆ ਗਿਆ ਭਾਰਤੀ ਅਫਗਾਨਿਸਤਾਨ ਦੌਰੇ ਦਾ ਤੀਜਾ ਮੈਚ। ਟੀ-20 ਇੰਟਰਨੈਸ਼ਨਲ ‘ਚ ਦੋਵਾਂ ਟੀਮਾਂ ਦਾ ਇਹ ਪਿਛਲਾ ਮੈਚ ਸੀ। ਬੈਂਗਲੁਰੂ ‘ਚ ਖੇਡੇ ਗਏ ਇਸ ਮੈਚ ਦਾ ਨਤੀਜਾ 2 ਸੁਪਰ ਓਵਰਾਂ ਤੋਂ ਬਾਅਦ ਆਇਆ ਸੀ ਅਤੇ ਇਹ ਟੀ-20 ਅੰਤਰਰਾਸ਼ਟਰੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋ ਸੁਪਰ ਓਵਰ ਹੋਏ ਸੀ।
ਇਸ ਮੈਚ ‘ਚ ਭਾਰਤ ਨੇ ਅਫਗਾਨਿਸਤਾਨ ਨੂੰ 212 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱਚ ਅਫਗਾਨਿਸਤਾਨ ਵੀ 212 ਦੌੜਾਂ ਹੀ ਬਣਾ ਸਕੀ ਸੀ। ਅਫਗਾਨਿਸਤਾਨ ਨੂੰ ਆਖਰੀ ਗੇਂਦ ‘ਤੇ 3 ਦੌੜਾਂ ਦੀ ਲੋੜ ਸੀ। ਨਾਇਬ 2 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ ਅਤੇ ਮੈਚ ਸੁਪਰ ਓਵਰ ਵਿੱਚ ਚਲਾ ਗਿਆ।

ਪਹਿਲੇ ਸੁਪਰ ਓਵਰ ਵਿੱਚ ਅਫਗਾਨਿਸਤਾਨ ਨੇ 16 ਦੌੜਾਂ ਬਣਾਈਆਂ ਅਤੇ ਭਾਰਤੀ ਟੀਮ ਵੀ 16 ਦੌੜਾਂ ਹੀ ਬਣਾ ਸਕੀ। ਮੈਚ ਫਿਰ ਟਾਈ ਹੋ ਗਿਆ। ਦੂਜੇ ਸੁਪਰ ਓਵਰ ਵਿੱਚ ਭਾਰਤ ਨੇ 2 ਵਿਕਟਾਂ ਗੁਆ ਕੇ 11 ਦੌੜਾਂ ਬਣਾਈਆਂ। ਹੁਣ ਅਫਗਾਨਿਸਤਾਨ ਨੂੰ ਜਿੱਤ ਲਈ ਇਕ ਓਵਰ ‘ਚ 12 ਦੌੜਾਂ ਦੀ ਲੋੜ ਸੀ ਪਰ ਰਵੀ ਬਿਸ਼ਨੋਈ ਨੇ ਪਹਿਲੀ ਗੇਂਦ ‘ਤੇ ਮੁਹੰਮਦ ਨਬੀ ਅਤੇ ਤੀਜੀ ਗੇਂਦ ‘ਤੇ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਆਊਟ ਕਰਕੇ ਮੈਚ 10 ਦੌੜਾਂ ਨਾਲ ਜਿੱਤ ਲਿਆ।
