- ਟੀਮ ਇੰਡੀਆ ਦੇ ਖਿਡਾਰੀ ਅੱਜ ਪੀਐਮ ਮੋਦੀ ਨਾਲ ਵੀ ਕਰਨਗੇ ਮੁਲਾਕਾਤ
ਨਵੀਂ ਦਿੱਲੀ, 4 ਜੁਲਾਈ 2024 – ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ 3 ਦਿਨਾਂ ਤੋਂ ਬਾਰਬਾਡੋਸ ‘ਚ ਫਸੀ ਟੀਮ ਇੰਡੀਆ ਵਾਪਸ ਭਾਰਤ ਪਰਤ ਆਈ ਹੈ। ਟੀਮ ਦਾ ਕਾਫਲਾ ਸਵੇਰੇ ਦਿੱਲੀ ਏਅਰਪੋਰਟ ਪਹੁੰਚਣ ਤੋਂ ਬਾਅਦ ਹੋਟਲ ਆਈ.ਟੀ.ਸੀ. ‘ਚ ਪਹੁੰਚਿਆ। ਹੋਟਲ ਵਿੱਚ ਭਾਰਤੀ ਟੀਮ ਲਈ ਵਿਸ਼ੇਸ਼ ਕੇਕ ਬਣਾਇਆ ਗਿਆ। ਟੀਮ ਕਰੀਬ ਅੱਜ ਸਵੇਰੇ 11 ਵਜੇ ਪ੍ਰਧਾਨ ਮੰਤਰੀ ਨਿਵਾਸ ਪਹੁੰਚੇਗੀ। ਮੋਦੀ ਨਾਲ ਖਿਡਾਰੀ ਨਾਸ਼ਤਾ ਕਰਨਗੇ। ਇਸ ਤੋਂ ਬਾਅਦ ਟੀਮ ਮੁੰਬਈ ਲਈ ਰਵਾਨਾ ਹੋਵੇਗੀ।
ਏਅਰਪੋਰਟ ‘ਤੇ ਪ੍ਰਸ਼ੰਸਕ ਆਪਣੇ ਚਹੇਤੇ ਹੀਰੋ ਦੀ ਇਕ ਝਲਕ ਪਾਉਣ ਲਈ ਬੇਤਾਬ ਸਨ। ਉਹ ਟੀਮ ਦਾ ਸਵਾਗਤ ਕਰਨ ਲਈ ਸਵੇਰੇ 5 ਵਜੇ ਤੋਂ ਹੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕੱਠੇ ਹੋ ਚੁੱਕੇ ਸਨ। ਦੇਸ਼ ਵਿੱਚ ਟੀਮ ਦੇ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਸਵਾਗਤ ਧੋਨੀ ਦੀ ਬ੍ਰਿਗੇਡ ਵਰਗਾ ਹੀ ਹੋਵੇਗਾ ਜਿਸ ਨੇ 17 ਸਾਲ ਪਹਿਲਾਂ ਟੀ-20 ਵਿਸ਼ਵ ਕੱਪ ਜਿੱਤਿਆ ਸੀ।
ਸ਼ਾਮ 5 ਵਜੇ ਮੁੰਬਈ ਦੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਖੁੱਲ੍ਹੀ ਛੱਤ ਵਾਲੀ ਬੱਸ ਵਿੱਚ ਟੀਮ ਇੰਡੀਆ ਦੀ ਵਿਕਟਰੀ ਪਰੇਡ ਹੋਵੇਗੀ। ਫਿਰ ਸਨਮਾਨ ਸਮਾਰੋਹ ਵਿੱਚ ਨਕਦ ਇਨਾਮ ਦਿੱਤਾ ਜਾਵੇਗਾ। 2007 ਵਿੱਚ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਧੋਨੀ ਦੀ ਟੀਮ ਦਾ ਵੀ ਇਸੇ ਤਰ੍ਹਾਂ ਸਵਾਗਤ ਕੀਤਾ ਗਿਆ ਸੀ।
ਤੂਫਾਨ ਕਾਰਨ ਟੀਮ ਇੰਡੀਆ ਤਿੰਨ ਦਿਨਾਂ ਤੋਂ ਬਾਰਬਾਡੋਸ ‘ਚ ਫਸੀ ਹੋਈ ਸੀ। ਬੀਸੀਸੀਆਈ ਨੇ ਉਨ੍ਹਾਂ ਨੂੰ ਲਿਆਉਣ ਲਈ ਵਿਸ਼ੇਸ਼ ਜਹਾਜ਼ ਭੇਜਿਆ ਸੀ। ਇਸ ਜਹਾਜ਼ ਨੂੰ ‘ਚੈਂਪੀਅਨਜ਼ 24 ਵਰਲਡ ਕੱਪ’ ਦਾ ਨਾਂ ਦਿੱਤਾ ਗਿਆ ਸੀ।