ਨਵੀਂ ਦਿੱਲੀ, 10 ਨਵੰਬਰ 2022 – ਟੀ-20 ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ‘ਚ ਟੀਮ ਇੰਡੀਆ ਦਾ ਸਾਹਮਣਾ ਅੱਜ ਐਡੀਲੇਡ ‘ਚ ਇੰਗਲੈਂਡ ਨਾਲ ਹੋਵੇਗਾ। ਪਾਕਿਸਤਾਨ ਦੀ ਟੀਮ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਹਾਲਾਂਕਿ, ਜਦੋਂ ਅਸੀਂ ਟੀਮ ਇੰਡੀਆ ਅਤੇ ਸੈਮੀਫਾਈਨਲ ਦੇ ਸਬੰਧਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਬਹੁਤ ਹੀ ਦਿਲਚਸਪ ਅੰਕੜਾ ਸਾਹਮਣੇ ਆਉਂਦਾ ਹੈ।
ਸਾਡੀ ਟੀਮ ਦੁਨੀਆ ਦੀ ਸਭ ਤੋਂ ਵੱਧ ਸੈਮੀਫਾਈਨਲ ਖੇਡਣ ਵਾਲੀ ਟੀਮ ਹੈ। ਟੀਮ ਇੰਡੀਆ ਨੇ 39 ਸਾਲਾਂ ‘ਚ 20 ਸੈਮੀਫਾਈਨਲ ਖੇਡੇ ਹਨ। ਇੰਨਾ ਹੀ ਨਹੀਂ ਇਨ੍ਹਾਂ ‘ਚੋਂ 13 ‘ਚ ਜਿੱਤ ਉਸ ਦੇ ਖਾਤੇ ‘ਚ ਦਰਜ ਹੈ। ਉਥੇ ਹੀ ਇੰਗਲੈਂਡ ਦੀ ਟੀਮ ਨੇ ਹੱਬ ਤੱਕ 14 ਸੈਮੀਫਾਈਨਲ ਖੇਡੇ ਹਨ ਜਿਹਨਾਂ ਚੋਂ ਉਸ ਨੇ 8 ‘ਚ ਜਿੱਤ ਦਰਜ ਕੀਤੀ ਹੈ ਜਦੋਂ ਕੇ 6 ‘ਚ ਉਸ ਨੂੰ ਹਰ ਦਾ ਸਾਹਮਣਾ ਕਰਨਾ ਪਿਆ ਹੈ।
ਟੀ-20 ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ‘ਚ ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਭਾਰਤ ਨੇ ਗਰੁੱਪ ਗੇੜ ਵਿੱਚ ਪੰਜ ਵਿੱਚੋਂ ਚਾਰ ਮੈਚ ਜਿੱਤੇ ਸਨ। ਇੰਗਲੈਂਡ ਤਿੰਨ ਮੈਚ ਜਿੱਤ ਕੇ ਨਾਕਆਊਟ ਪੜਾਅ ‘ਚ ਪਹੁੰਚ ਗਿਆ ਹੈ। ਮੈਚ ਐਡੀਲੇਡ ‘ਚ ਭਾਰਤੀ ਸਮੇਂ ਮੁਤਾਬਕ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।
ਇੰਗਲੈਂਡ ਟੀਮ ਦਾ ਸਭ ਤੋਂ ਮਜ਼ਬੂਤ ਪਹਿਲੂ ਉਸ ਦੀ ਬੱਲੇਬਾਜ਼ੀ ਹੈ। ਟੀਮ ਕੋਲ 9ਵੇਂ ਨੰਬਰ ਤੱਕ ਬੱਲੇਬਾਜ਼ ਹਨ। ਅਜਿਹੇ ‘ਚ ਭਾਰਤ ਲਈ ਇਸ ਬੱਲੇਬਾਜ਼ੀ ਲਾਈਨਅੱਪ ਨਾਲ ਨਿਪਟਣਾ ਵੱਡੀ ਚੁਣੌਤੀ ਹੋਵੇਗੀ। ਇੰਗਲੈਂਡ ਕੋਲ ਮਾਰਕ ਵੁੱਡ ਵਰਗਾ ਜ਼ਬਰਦਸਤ ਤੇਜ਼ ਗੇਂਦਬਾਜ਼ ਵੀ ਹੈ। ਉਸ ਨੇ ਹੁਣ ਤੱਕ 4 ਮੈਚ ਖੇਡੇ ਹਨ ਅਤੇ 9 ਵਿਕਟਾਂ ਲਈਆਂ ਹਨ। ਨਿਊਜ਼ੀਲੈਂਡ ਦੇ ਖਿਲਾਫ ਉਸ ਨੇ 154.74 ਦੀ ਰਫਤਾਰ ਯਾਨੀ ਲਗਭਗ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ। ਮੌਜੂਦਾ ਵਿਸ਼ਵ ਕੱਪ ਵਿੱਚ ਇਹ ਸਭ ਤੋਂ ਤੇਜ਼ ਗੇਂਦ ਹੈ। ਨੌਜਵਾਨ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਸੈਮ ਕੁਰਾਨ ਵੀ ਫਾਰਮ ਵਿੱਚ ਹੈ। ਉਸ ਨੇ 4 ਮੈਚਾਂ ‘ਚ 10 ਵਿਕਟਾਂ ਲਈਆਂ ਹਨ।
ਭਾਰਤ ਦੀ ਗੱਲ ਕਰੀਏ ਤਾਂ ਟੀਮ ਚੰਗੀ ਫਾਰਮ ‘ਚ ਚੱਲ ਰਹੀ ਹੈ। ਸੁਪਰ 12 ਵਿੱਚ ਉਸ ਨੇ 5 ਵਿੱਚੋਂ 4 ਮੈਚ ਜਿੱਤੇ। ਦੱਖਣੀ ਅਫਰੀਕਾ ਤੋਂ ਇਕ ਮੈਚ ਹਾਰ ਗਿਆ। ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਤੋਂ ਇਲਾਵਾ ਕੇਐੱਲ ਰਾਹੁਲ ਫਿਰ ਤੋਂ ਲੈਅ ‘ਚ ਨਜ਼ਰ ਆ ਰਹੇ ਹਨ। ਉਸਨੇ ਜ਼ਿੰਬਾਬਵੇ ਦੇ ਖਿਲਾਫ ਆਪਣੇ ਆਖਰੀ ਮੈਚ ਵਿੱਚ ਅਰਧ ਸੈਂਕੜਾ ਲਗਾਇਆ ਸੀ।
ਸੂਰਿਆਕੁਮਾਰ ਅਤੇ ਕੋਹਲੀ ਇਸ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਸਭ ਤੋਂ ਵੱਡੀ ਤਾਕਤ ਸਾਬਤ ਹੋਏ ਹਨ। ਸੂਰਿਆ ਦੇ ਤਿੰਨ ਅਰਧ ਸੈਂਕੜੇ ਅਤੇ 360 ਡਿਗਰੀ ਸ਼ਾਟ ਨਾ ਸਿਰਫ਼ ਚਰਚਾ ਦਾ ਵਿਸ਼ਾ ਰਹੇ, ਸਗੋਂ ਭਾਰਤ ਦੀ ਜਿੱਤ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਇਸ ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਤੇਜ਼ ਗੇਂਦਬਾਜ਼ੀ ਸ਼ਾਨਦਾਰ ਰਹੀ ਹੈ। ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ ਦੇ ਨਾਲ-ਨਾਲ ਭੁਵਨੇਸ਼ਵਰ ਕੁਮਾਰ ਨੇ ਵੀ ਟੂਰਨਾਮੈਂਟ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਭੁਵੀ ਨੇ 5 ਮੈਚਾਂ ‘ਚ 4 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸਦੀ ਔਸਤ 6 ਤੋਂ ਘੱਟ ਸੀ।