- ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਵਨਡੇ ਟੀ-20 ਵਰਗਾ ਰਿਹਾ
- ਦੋਵੇਂ ਟੀਮਾਂ ਨੇ ਹੀ ਖੇਡੇ ਕੁੱਲ 45.5 ਓਵਰ
ਨਵੀਂ ਦਿੱਲੀ, 28 ਜੁਲਾਈ 2023 – ਭਾਰਤ ਅਤੇ ਵੈਸਟਇੰਡੀਜ਼ ਵਨਡੇ ਸੀਰੀਜ਼ ਦਾ ਪਹਿਲਾ ਮੈਚ ਟੀ-20 ਵਰਗਾ ਸੀ। ਦੋਵੇਂ ਟੀਮਾਂ ਨੇ ਹੀ ਕੁੱਲ 45.5 ਓਵਰ ਖੇਡੇ। ਬਾਰਬਾਡੋਸ ਦੇ ਕੇਨਿੰਗਟਨ ਓਵਲ ਮੈਦਾਨ ‘ਤੇ ਭਾਰਤ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਦੀ ਟੀਮ 23 ਓਵਰਾਂ ‘ਚ 114 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਨੇ 22.5 ਓਵਰਾਂ ‘ਚ 5 ਵਿਕਟਾਂ ‘ਤੇ 115 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਦੀ ਜਗ੍ਹਾ ਓਪਨਿੰਗ ਕਰਨ ਆਏ ਈਸ਼ਾਨ ਕਿਸ਼ਨ ਅਤੇ ਕੁਲਦੀਪ ਯਾਦਵ ਨੇ ਮੈਚ ਜਿਤਾਊ ਪ੍ਰਦਰਸ਼ਨ ਕੀਤਾ। ਈਸ਼ਾਨ ਕਿਸ਼ਨ (52 ਦੌੜਾਂ) ਨੇ ਆਪਣੇ ਕਰੀਅਰ ਦਾ ਚੌਥਾ ਵਨਡੇ ਅਰਧ ਸੈਂਕੜਾ ਲਗਾਇਆ, ਜਦਕਿ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ ਵੀ 3 ਵਿਕਟਾਂ ਲਈਆਂ।
ਟੀਮ ਇੰਡੀਆ ਦੀ ਵਿੰਡੀਜ਼ ‘ਤੇ ਇਹ ਲਗਾਤਾਰ ਨੌਵੀਂ ਜਿੱਤ ਹੈ। ਵਿੰਡੀਜ਼ ਨੇ ਭਾਰਤ ‘ਤੇ ਆਖਰੀ ਜਿੱਤ 2019 ‘ਚ ਚੇਨਈ ਦੇ ਮੈਦਾਨ ‘ਤੇ ਹਾਸਲ ਕੀਤੀ ਸੀ। ਜਿਥੇ ਕੈਰੇਬੀਅਨਜ਼ ਨੇ ਟੀਮ ਇੰਡੀਆ ਨੂੰ 8 ਵਿਕਟਾਂ ਨਾਲ ਹਰਾਇਆ।
ਇਸ ਜਿੱਤ ਨਾਲ ਭਾਰਤ ਨੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ 29 ਜੁਲਾਈ ਨੂੰ ਬ੍ਰਿਜਟਾਊਨ ‘ਚ ਖੇਡਿਆ ਜਾਵੇਗਾ।
ਵੈਸਟਇੰਡੀਜ਼ ਨੇ ਘਰੇਲੂ ਮੈਦਾਨ ‘ਤੇ ਭਾਰਤ ਖਿਲਾਫ ਸਭ ਤੋਂ ਛੋਟਾ ਸਕੋਰ ਬਣਾਇਆ। ਇਸ ਤੋਂ ਪਹਿਲਾਂ ਟੀਮ 1997 ‘ਚ ਪੋਰਟ ਆਫ ਸਪੇਨ ‘ਚ ਭਾਰਤ ਖਿਲਾਫ 121 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।
ਓਵਰਆਲ ਰਿਕਾਰਡ ਦੀ ਗੱਲ ਕਰੀਏ ਤਾਂ ਇਹ ਭਾਰਤ ਖਿਲਾਫ ਵਿੰਡੀਜ਼ ਦਾ ਦੂਜਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 2018 ‘ਚ ਤਿਰੂਵਨੰਤਪੁਰਮ ‘ਚ ਟੀਮ 104 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।