- ਡੀਨ ਐਲਗਰ 140 ਦੌੜਾਂ ਬਣਾ ਕੇ ਅਜੇ ਵੀ ਨਾਟ ਆਊਟ
ਨਵੀਂ ਦਿੱਲੀ, 28 ਦਸੰਬਰ 2023 – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੈਸਟ ਸੈਂਚੁਰੀਅਨ ‘ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ 11 ਦੌੜਾਂ ਦੀ ਲੀਡ ਲੈ ਲਈ ਸੀ। ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 5 ਵਿਕਟਾਂ ‘ਤੇ 256 ਦੌੜਾਂ ਬਣਾ ਲਈਆਂ ਸਨ। ਡੀਨ ਐਲਗਰ 140 ਦੌੜਾਂ ਬਣਾ ਕੇ ਨਾਟ ਆਊਟ ਰਹੇ।
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਐਲਗਰ ਦੇ ਨਾਲ ਮਾਰਕੋ ਜੈਨਸਨ (3* ਦੌੜਾਂ) ਵੀ ਨਾਟ ਆਊਟ ਰਹੇ। ਦੋਵੇਂ ਹੀ ਤੀਜੇ ਦਿਨ ਦੀ ਖੇਡ ‘ਤੇ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ ਦੀ ਅਗਵਾਈ ਕਰਨਗੇ।
ਤੀਜੇ ਦਿਨ ਦਾ ਖੇਡ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਦੂਜੇ ਦਿਨ ਭਾਰਤ ਪਹਿਲੇ ਸੈਸ਼ਨ ਵਿੱਚ 245 ਦੌੜਾਂ ਬਣਾ ਕੇ ਆਲ ਆਊਟ ਹੋ ਗਿਆ। ਕੇਐੱਲ ਰਾਹੁਲ ਨੇ 101 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਮੁਸ਼ਕਲ ਸਥਿਤੀ ‘ਚੋਂ ਬਾਹਰ ਕੱਢਿਆ ਸੀ।
ਕੇਐਲ ਰਾਹੁਲ ਸੈਂਚੁਰੀਅਨ ਵਿੱਚ 2 ਸੈਂਕੜੇ ਲਗਾਉਣ ਵਾਲੇ ਪਹਿਲੇ ਵਿਦੇਸ਼ੀ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ 2021 ‘ਚ ਵੀ ਇਸੇ ਮੈਦਾਨ ‘ਤੇ ਸੈਂਕੜਾ ਲਗਾਇਆ ਸੀ।
ਡੀਨ ਐਲਗਰ ਨੇ ਲਗਭਗ 3 ਸਾਲ ਬਾਅਦ ਟੈਸਟ ਸੈਂਕੜਾ ਲਗਾਇਆ। ਉਸਨੇ ਆਪਣਾ ਆਖਰੀ ਸੈਂਕੜਾ ਜਨਵਰੀ 2021 ਵਿੱਚ ਸ਼੍ਰੀਲੰਕਾ ਖਿਲਾਫ ਲਗਾਇਆ ਸੀ। ਜਨਵਰੀ 2022 ਵਿੱਚ, ਐਲਗਰ ਨੇ ਭਾਰਤ ਵਿਰੁੱਧ ਨਾਬਾਦ 96 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ ਟੈਸਟ ਜਿਤਾਇਆ ਸੀ।
ਕਾਗਿਸੋ ਰਬਾਡਾ ਨੇ 500 ਅੰਤਰਰਾਸ਼ਟਰੀ ਵਿਕਟਾਂ ਲਈਆਂ ਹਨ। ਉਸ ਨੇ ਪਹਿਲੀ ਪਾਰੀ ‘ਚ 5 ਵਿਕਟਾਂ ਲਈਆਂ ਸਨ, ਉਸ ਨੇ ਪਹਿਲੀ ਵਾਰ ਭਾਰਤ ਖਿਲਾਫ 5 ਵਿਕਟਾਂ ਹਾਸਲ ਕੀਤੀਆਂ ਸਨ।
ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਡੀਨ ਐਲਗਰ ਨੇ ਸੈਂਕੜਾ ਲਗਾਇਆ। ਉਹ 140 ਦੌੜਾਂ ਬਣਾ ਕੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਨਾਟ ਆਊਟ ਰਿਹਾ। ਉਸ ਨੇ ਟੋਨੀ ਡੀਜਾਰਜ ਨਾਲ 93 ਅਤੇ ਡੇਵਿਡ ਬੇਡਿੰਘਮ ਨਾਲ 131 ਦੌੜਾਂ ਦੀ ਸਾਂਝੇਦਾਰੀ ਕੀਤੀ।
ਡੀਨ ਐਲਗਰ ਨੇ 140 ਗੇਂਦਾਂ ‘ਤੇ ਆਪਣਾ 14ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਉਹ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਆਖਰੀ ਸੀਰੀਜ਼ ਖੇਡ ਰਿਹਾ ਹੈ, ਉਸ ਨੇ ਸੀਰੀਜ਼ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।