ਰਾਜਕੋਟ, 15 ਫਰਵਰੀ 2024 – ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਅੱਜ ਤੋਂ ਰਾਜਕੋਟ ‘ਚ ਖੇਡਿਆ ਜਾਵੇਗਾ। ਨਿਰੰਜਨ ਸ਼ਾਹ ਕ੍ਰਿਕਟ ਸਟੇਡੀਅਮ ‘ਚ ਇਹ ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਟਾਸ ਸਵੇਰੇ 9:00 ਵਜੇ ਹੋਵੇਗਾ। ਅੱਜ ਦੇ ਮੈਚ ‘ਚ ਜ਼ਖਮੀ ਕੇਐੱਲ ਰਾਹੁਲ ਦੀ ਜਗ੍ਹਾ ਦੇਵਦੱਤ ਪਡੀਕਲ ਜਾਂ ਸਰਫਰਾਜ਼ ਖਾਨ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ।
ਪੰਜ ਮੈਚਾਂ ਦੀ ਟੈਸਟ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਇੰਗਲੈਂਡ ਦੀ ਟੀਮ ਨੇ ਪਹਿਲੇ ਮੈਚ ਵਿੱਚ ਭਾਰਤ ਨੂੰ 28 ਦੌੜਾਂ ਨਾਲ ਹਰਾਇਆ ਸੀ। ਦੂਜੇ ਮੈਚ ਵਿੱਚ ਮੇਜ਼ਬਾਨ ਭਾਰਤ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾਇਆ। ਦੋਵੇਂ ਟੀਮਾਂ ਇਸ ਮੈਦਾਨ ‘ਤੇ ਦੂਜੀ ਵਾਰ ਭਿੜਨਗੀਆਂ। ਇਸ ਤੋਂ ਪਹਿਲਾਂ 2016 ‘ਚ ਦੋਵੇਂ ਇਕ-ਦੂਜੇ ਦਾ ਸਾਹਮਣਾ ਕਰ ਚੁੱਕੇ ਹਨ, ਉਹ ਮੈਚ ਡਰਾਅ ਰਿਹਾ ਸੀ।
ਟੈਸਟ ਰੈਂਕਿੰਗ ਵਿੱਚ ਦੂਜੇ ਨੰਬਰ ਦੀ ਟੀਮ ਭਾਰਤ ਅਤੇ ਤੀਜੇ ਨੰਬਰ ਦੀ ਟੀਮ ਇੰਗਲੈਂਡ ਵਿਚਾਲੇ ਹੁਣ ਤੱਕ ਕੁੱਲ 36 ਟੈਸਟ ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਜਿਸ ‘ਚ ਭਾਰਤ ‘ਤੇ ਇੰਗਲਿਸ਼ ਟੀਮ ਦਾ ਦਬਦਬਾ ਰਿਹਾ ਹੈ। ਟੀਮ ਇੰਡੀਆ ਨੇ 11 ਸੀਰੀਜ਼ ਜਿੱਤੀਆਂ ਹਨ, ਜਦਕਿ ਟੀਮ ਇੰਗਲੈਂਡ ਨੇ 19 ਸੀਰੀਜ਼ ਜਿੱਤੀਆਂ ਹਨ। ਜਦਕਿ ਪੰਜ ਸੀਰੀਜ਼ ਡਰਾਅ ਰਹੀਆਂ ਹਨ।