ਨਵੀਂ ਦਿੱਲੀ, 12 ਅਪ੍ਰੈਲ 2025 – ਸ਼ੁੱਕਰਵਾਰ ਨੂੰ ਖੇਡੇ ਗਏ ਕੋਲਕਾਤਾ ਨਾਈਟ ਰਾਈਡਰਜ਼ ਤੇ ਚੇਨਈ ਸੁਪਰ ਕਿੰਗਜ਼ ਦੇ ਮੁਕਾਬਲੇ ‘ਚ ਕੋਲਕਾਤਾ ਨੇ ਇਕਤਰਫ਼ਾ ਅੰਦਾਜ਼ ‘ਚ ਚੇਨਈ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ ਤੇ 8 ਵਿਕਟਾਂ ਦੀ ਵੱਡੀ ਜਿੱਤ ਦਰਜ ਕੀਤੀ। ਇਹ ਚੇਨਈ ਦੀ ਇਸ ਸੀਜ਼ਨ ‘ਚ ਲਗਾਤਾਰ 5ਵੀਂ ਹਾਰ ਹੈ। ਚੇਨਈ ਦੀ ਬੱਲੇਬਾਜ਼ੀ ਕੋਲਕਾਤਾ ਦੇ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਈ ਤੇ ਪੂਰੀ ਟੀਮ 20 ਓਵਰਾਂ ‘ਚ 9 ਵਿਕਟਾਂ ਗੁਆ ਕੇ ਸਿਰਫ਼ 103 ਦੌੜਾਂ ਹੀ ਬਣਾ ਸਕੀ।
ਇਸ ਮੁਕਾਬਲੇ ਦਾ ਸਭ ਤੋਂ ਹੈਰਾਨੀਜਨਕ ਪਲ ਸੀ ਸੀ.ਐੱਸ.ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਊਟ ਦਿੱਤਾ ਜਾਣਾ। ਜਦੋਂ ਚੇਨਈ ਬੱਲੇਬਾਜ਼ੀ ਕਰ ਰਹੀ ਸੀ ਤਾਂ 16ਵੇਂ ਓਵਰ ‘ਚ ਸੁਨੀਲ ਨਾਰਾਇਣ ਦੀ ਇਕ ਗੇਂਦ ‘ਤੇ ਧੋਨੀ ਦੇ ਐੱਲ.ਬੀ.ਡਬਲਯੂ. ਆਊਟ ਹੋਣ ਦੀ ਅਪੀਲ ਕੀਤੀ ਗਈ, ਜਿਸ ‘ਤੇ ਫੀਲਡ ਅੰਪਾਇਰ ਨੇ ਧੋਨੀ ਨੂੰ ਆਊਟ ਦੇ ਦਿੱਤਾ।
ਪਰ ਇਸ ਮਗਰੋਂ ਧੋਨੀ ਨੇ ਡੀ.ਆਰ.ਐੱਸ. ਲੈ ਕੇ ਅੰਪਾਇਰ ਦੇ ਫ਼ੈਸਲੇ ਨੂੰ ਚੁਣੌਤੀ ਦੇ ਦਿੱਤੀ, ਜਿਸ ਤੋਂ ਬਾਅਦ ਜਦੋਂ ਚੈੱਕ ਕੀਤਾ ਗਿਆ ਤਾਂ ਗੇਂਦ ਬੱਲੇ ਦੇ ਕੋਲੋਂ ਲੰਘੀ ਤਾਂ ਅਲਟ੍ਰਾਐੱਜ ‘ਤੇ ਸਾਫ਼ ਸਪਾਈਕ ਦੇਖੀ ਜਾ ਸਕਦੀ ਸੀ, ਪਰ ਥਰਡ ਅੰਪਾਇਰ ਨੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤੇ ਧੋਨੀ ਨੂੰ ਆਊਟ ਕਰਾਰ ਦੇ ਕੇ ਪੈਵੇਲੀਅਨ ਭੇਜ ਦਿੱਤਾ।

ਥਰਡ ਅੰਪਾਇਰ ਦੇ ਇਸ ਹੈਰਾਨੀਜਨਕ ਫ਼ੈਸਲੇ ਮਗਰੋਂ ਕ੍ਰਿਕਟ ਪ੍ਰਸ਼ੰਸਕਾਂ ‘ਚ ਕਾਫ਼ੀ ਵਿਰੋਧ ਦੇਖਿਆ ਜਾ ਰਿਹਾ ਹੈ। ਇਹੀ ਨਹੀਂ, ਇਸ ਘਟਨਾ ਤੋਂ ਬਾਅਦ ਡਿਸੀਜ਼ਨ ਰਿਵਿਊ ਸਿਸਟਮ (ਡੀ.ਆਰ.ਐੱਸ.) ‘ਤੇ ਵੀ ਸਵਾਲ ਉਠਾਏ ਜਾਣ ਲੱਗ ਪਏ ਹਨ।
