- 100 ਗ੍ਰਾਮ ਭਾਰ ਕਾਰਨ ਦਿੱਤਾ ਗਿਆ ਅਯੋਗ ਕਰਾਰ
- 50 ਕਿਲੋ ਤੋਂ ਥੋੜ੍ਹਾ ਜਿਹਾ ਵੱਧ ਪਾਇਆ ਗਿਆ ਭਾਰ
- ਅੱਜ ਰਾਤ ਦਾ ਫਾਈਨਲ ਨਹੀਂ ਖੇਡ ਸਕਣਗੇ
ਨਵੀਂ ਦਿੱਲੀ, 7 ਅਗਸਤ 2024 – ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਓਲੰਪਿਕ ਵਿੱਚ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।
ਇਹ ਜਾਣਕਾਰੀ ਦਿੰਦਿਆਂ ਭਾਰਤੀ ਓਲੰਪਿਕ ਸੰਘ ਨੇ ਦੱਸਿਆ ਕਿ ਸਾਡੀ ਰਾਤ ਭਰ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਬੁੱਧਵਾਰ ਸਵੇਰੇ ਉਸ ਦਾ ਵਜ਼ਨ 50 ਕਿਲੋ ਤੋਂ ਥੋੜ੍ਹਾ ਜਿਹਾ ਜ਼ਿਆਦਾ ਪਾਇਆ ਗਿਆ। ਸੈਮੀਫਾਈਨਲ ‘ਚ ਵਿਨੇਸ਼ ਫੋਗਾਟ ਨੇ ਕਿਊਬਾ ਦੇ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ ਸੀ। ਆਪਣੀ ਸ਼੍ਰੇਣੀ ਦੇ ਪਹਿਲੇ ਮੈਚ ਵਿੱਚ ਉਸ ਦਾ ਸਾਹਮਣਾ ਓਲੰਪਿਕ ਸੋਨ ਤਮਗਾ ਜੇਤੂ ਅਤੇ ਵਿਸ਼ਵ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨਾਲ ਹੋਇਆ। ਵਿਨੇਸ਼ ਨੇ ਸੁਸਾਕੀ ਨੂੰ 3-2 ਨਾਲ ਹਰਾਇਆ ਸੀ।