- ਓਲੰਪਿਕਸ ਦੀ ਸਿਲਵਰ ਮੈਡਲਿਸਟ ਚਾਨੂ ਨੇ 49 ਕਿਲੋ ਭਾਰ ਵਰਗ ਵਿੱਚ ਜਿੱਤਿਆ ਸੋਨੇ ਦਾ ਤਮਗਾ
ਨਵੀਂ ਦਿੱਲੀ, 31 ਜੁਲਾਈ 2022 – ਟੋਕੀਓ ਓਲੰਪਿਕਸ ਦੀ ਸਿਲਵਰ ਮੈਡਲਿਸਟ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਵਿੱਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ। ਚਾਨੂ ਨੇ ਵੇਟਲਿਫਟਿੰਗ ਦੇ ਮਹਿਲਾ ਵਰਗ ਵਿੱਚ 49 ਕਿੱਲੋ ਭਾਰ ਗਰੁੱਪ ਵਿੱਚ ਕੁੱਲ 201 ਕਿੱਲੋ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦੇ ਰਿਕਾਰਡ ਨਾਲ ਚਾਂਦੀ ਦਾ ਤਮਗਾ ਜਿੱਤਿਆ। ਚਾਨੂ ਨੇ ਸਨੈਚ ਵਿੱਚ 88 ਕਿੱਲੋ ਨਾਲ ਨਵਾਂ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਇਆ। ਕਲੀਨ ਜਰਕ ਵਿੱਚ 113 ਕਿਲੋ ਭਾਰ ਚੁੱਕ ਕੇ ਨਵਾਂ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਇਆ।ਬਾਕੀ ਵੇਟਲਿਫਟਰਾਂ ਨੇ ਜਿੱਥੇ ਆਪਣਾ ਸਰਵੋਤਮ ਭਾਰ ਚੁੱਕਿਆ ਉੱਥੇ ਚਾਨੂ ਨੇ ਉਸ ਤੋਂ ਵੀ ਵੱਧ ਭਾਰ ਤੋਂ ਆਪਣੀ ਸ਼ੁਰੂਆਤ ਕੀਤੀ।
ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਭਾਰਤ ਦਾ ਤੀਜਾ ਮੈਡਲ ਤੇ ਪਹਿਲਾ ਗੋਲਡ ਮੈਡਲ ਹੈ। ਤਿੰਨੇ ਮੈਡਲ ਵੇਟਲਿਫਟਿੰਗ ਵਿੱਚ ਆਏ ਹਨ। ਇਸ ਤੋਂ ਪਹਿਲਾਂ ਸੰਕੇਤ ਨੇ ਚਾਂਦੀ ਤੇ ਗੁਰੂਰਾਜਾ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ।
ਓਲੰਪਿਕ ਇਤਿਹਾਸ ਵਿੱਚ ਮੈਡਲ ਜਿੱਤਣ ਵਾਲੀ ਦੂਜੀ ਅਤੇ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਚਾਨੂ ਦਾ ਇਹ ਰਾਸ਼ਟਰਮੰਡਲ ਖੇਡਾਂ ਵਿੱਚ ਤੀਜਾ ਮੈਡਲ ਅਤੇ ਦੂਜਾ ਗੋਲਡ ਮੈਡਲ ਹੈ।
ਮਨੀਪੁਰ ਦੀ 27 ਵਰ੍ਹਿਆਂ ਦੀ ਸਾਈਖੋਮ ਮੀਰਾਬਾਈ ਚਾਨੂ ਨੇ 2017 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਸੀ। 2018 ਗੋਲ਼ਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਗੋਲ਼ਡ ਤੇ 2014 ਗਲ਼ਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਿਆ ਸੀ। 2020 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ। ਹੁਣ ਤੱਕ ਚਾਨੂ ਚੌਥੇ ਸਰਵਉਚ ਨਾਗਰਿਕ ਸਨਮਾਨ ਪਦਮ ਸ੍ਰੀ ਅਤੇ ਸਭ ਤੋਂ ਵੱਡੇ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਹੋਈ ਹੈ।
ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਲਈ ਪਹਿਲਾ ਗੋਲ਼ਡ ਮੈਡਲ ਜਿੱਤਣ ਵਾਲੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਦੇ ਸਹਾਇਕ ਕੋਚ ਸੰਦੀਪ ਕੁਮਾਰ ਜੋ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾ ਰਹੇ ਹਨ, ਨੂੰ ਵੀ ਵਧਾਈ ਹੈ। ਸੰਦੀਪ ਕੁਮਾਰ ਜੋ ਜਲੰਧਰ ਦੇ ਬੜਾ ਪਿੰਡ ਦਾ ਰਹਿਣ ਵਾਲਾ ਹੈ, ਨੇ ਖੁਦ ਵੇਟਲਿਫਟਰ ਵਜੋਂ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ ਅਤੇ 1998 ਦੀਆਂ ਕੁਆਲਾ ਲੰਪਰ ਰਾਸ਼ਟਰਮੰਡਲ ਖੇਡਾਂ ਵਿੱਚ 69 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਉਹ ਇਸ ਵੇਲੇ ਪੀ.ਏ.ਪੀ. ਜਲੰਧਰ ਵਿਖੇ ਸੈਂਟਰ ਸਪੋਰਟਸ ਵਿੱਚ ਤਾਇਨਾਤ ਹੈ।