- ਪਹਿਲੇ ਮੈਚ ‘ਚ 7 ਵਿਕਟਾਂ ਨਾਲ ਜਿੱਤ ਕੀਤੀ ਦਰਜ
- 14.1 ਓਵਰਾਂ ‘ਚ ਪੂਰਾ ਕੀਤਾ 109 ਦੌੜਾਂ ਦਾ ਟੀਚਾ
ਨਵੀਂ ਦਿੱਲੀ, 20 ਜੁਲਾਈ 2024 – ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਏਸ਼ੀਆ ਕੱਪ ਵਿੱਚ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੇ ਪਹਿਲੇ ਹੀ ਮੈਚ ਵਿੱਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਟੀਮ ਨੇ 14.1 ਓਵਰਾਂ ‘ਚ 109 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਲਿਆ। ਉਪ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ 85 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕਰਕੇ ਟੀਚਾ ਆਸਾਨ ਕਰ ਦਿੱਤਾ।
ਦੀਪਤੀ ਸ਼ਰਮਾ ਦੀ ਅਗਵਾਈ ‘ਚ ਭਾਰਤੀ ਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ 19.2 ਓਵਰਾਂ ‘ਚ 108 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਦਾਂਬੁਲਾ ‘ਚ ਇਸ ਜਿੱਤ ਨਾਲ ਭਾਰਤੀ ਕੁੜੀਆਂ ਨੇ 2022 ‘ਚ ਪਿਛਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਉਦੋਂ ਟੀਮ ਇੰਡੀਆ 13 ਦੌੜਾਂ ਨਾਲ ਹਾਰ ਗਈ ਸੀ।
ਮੰਧਾਨਾ ਭਾਰਤੀ ਟੀਮ ਦੀ ਸਭ ਤੋਂ ਵੱਧ ਸਕੋਰਰ ਰਹੀ। ਉਸ ਨੇ 31 ਗੇਂਦਾਂ ‘ਤੇ 45 ਦੌੜਾਂ ਦੀ ਪਾਰੀ ਖੇਡੀ। ਮੰਧਾਨਾ ਨੇ 145.16 ਦੀ ਸਟ੍ਰਾਈਕ ਰੇਟ ਨਾਲ 9 ਚੌਕਿਆਂ ਦੀ ਮਦਦ ਨਾਲ ਦੌੜਾਂ ਬਣਾਈਆਂ। ਸ਼ੈਫਾਲੀ ਨੇ 29 ਗੇਂਦਾਂ ‘ਤੇ 40 ਦੌੜਾਂ ਦੀ ਪਾਰੀ ਖੇਡੀ। ਉਸ ਨੇ 6 ਚੌਕੇ ਅਤੇ 1 ਛੱਕਾ ਲਗਾਇਆ। ਸ਼ੈਫਾਲੀ ਨੇ ਸਮ੍ਰਿਤੀ ਨਾਲ 57 ਗੇਂਦਾਂ ‘ਤੇ 85 ਦੌੜਾਂ ਦੀ ਸਾਂਝੇਦਾਰੀ ਕੀਤੀ।