ਨਵੀਂ ਦਿੱਲੀ, 15 ਅਕਤੂਬਰ 2024 – ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 54 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਟੂਰਨਾਮੈਂਟ ਦੇ ਗਰੁੱਪ ਏ ਦੇ ਆਖਰੀ ਲੀਗ ਮੈਚ ਵਿੱਚ ਪਾਕਿਸਤਾਨ ਦੀ ਇਸ ਹਾਰ ਨਾਲ ਭਾਰਤੀ ਮਹਿਲਾ ਟੀਮ ਦਾ ਸਫ਼ਰ ਵੀ ਖ਼ਤਮ ਹੋ ਗਿਆ ਹੈ।
ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 110 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੂੰ ਜਿੱਤ ਲਈ 111 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਪਾਕਿਸਤਾਨੀ ਟੀਮ 11.4 ਓਵਰਾਂ ‘ਚ 56 ਦੌੜਾਂ ‘ਤੇ ਆਲ ਆਊਟ ਹੋ ਗਈ। ਈਡਨ ਕਾਰਸਨ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ 3 ਓਵਰਾਂ ‘ਚ 7 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਸਲਾਮੀ ਬੱਲੇਬਾਜ਼ ਸੂਜ਼ੀ ਬੇਟਸ ਨੇ ਸਭ ਤੋਂ ਵੱਧ 28 ਦੌੜਾਂ ਬਣਾਈਆਂ ਜਦਕਿ ਬਰੁਕ ਹੈਲੀਡੇ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਪਾਕਿਸਤਾਨ ਵੱਲੋਂ ਨਸਰਾ ਸੰਧੂ ਨੇ 3 ਵਿਕਟਾਂ ਲਈਆਂ।
ਖ਼ਰਾਬ ਸ਼ੁਰੂਆਤ ਤੋਂ ਬਾਅਦ ਪਾਕਿਸਤਾਨ ਦੀ ਟੀਮ ਵਿਚਕਾਰਲੇ ਓਵਰਾਂ ‘ਚ ਹੀ ਖਿੰਡ ਗਈ। ਟੀਮ ਨੇ 5.4 ਓਵਰਾਂ ‘ਚ 28 ਦੌੜਾਂ ‘ਤੇ ਆਖਰੀ 5 ਵਿਕਟਾਂ ਗੁਆ ਦਿੱਤੀਆਂ। 12ਵੇਂ ਓਵਰ ਦੀ ਗੇਂਦਬਾਜ਼ੀ ਕਰ ਰਹੀ ਅਮੇਲੀਆ ਕੇਰ ਦੇ ਓਵਰ ਵਿੱਚ 3 ਵਿਕਟਾਂ ਡਿੱਗੀਆਂ। 111 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਪਹਿਲੇ 6 ਓਵਰਾਂ ‘ਚ 28 ਦੌੜਾਂ ਬਣਾ ਕੇ 5 ਵਿਕਟਾਂ ਗੁਆ ਦਿੱਤੀਆਂ ਸਨ। ਸਲਾਮੀ ਬੱਲੇਬਾਜ਼ ਆਲੀਆ ਰਿਆਜ਼ ਜ਼ੀਰੋ, ਇਰਮ ਜਾਵੇਦ 3 ਅਤੇ ਸਦਫ ਸ਼ਮਸ 2 ਦੌੜਾਂ ਬਣਾ ਕੇ ਆਊਟ ਹੋ ਗਈਆਂ। ਫਰਾਨ ਜੋਨਸ ਨੇ ਪਹਿਲੇ ਓਵਰ ਵਿੱਚ ਦੋ ਵਿਕਟਾਂ ਲਈਆਂ।