ਨਵੀਂ ਦਿੱਲੀ, 25 ਜੁਲਾਈ 2024 – ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਯਾਨਿਕ ਸਿਨਰ ਨੇ ਪੈਰਿਸ ਓਲੰਪਿਕ ਤੋਂ ਨਾਂ ਵਾਪਸ ਲੈ ਲਿਆ ਹੈ। ਇਸ 22 ਸਾਲਾ ਇਟਾਲੀਅਨ ਖਿਡਾਰੀ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਡਾਕਟਰ ਨੇ ਉਸ ਨੂੰ ਓਲੰਪਿਕ ਖੇਡਾਂ ‘ਚ ਹਿੱਸਾ ਨਾ ਲੈਣ ਦੀ ਸਲਾਹ ਦਿੱਤੀ ਹੈ।
ਟੈਨਿਸ ਖਿਡਾਰੀ ਜੈਨਿਕ ਸਿੰਨਰ ਗਲੇ ਦੇ ਸੰਕ੍ਰਮਣ (ਟੌਨਸਿਲ) ਕਾਰਨ ਪੈਰਿਸ ਓਲੰਪਿਕ ਤੋਂ ਪਿੱਛੇ ਹਟ ਗਏ ਹਨ। ਸਿਨਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਓਲੰਪਿਕ ਤੋਂ ਖੁੰਝਣਾ ਇੱਕ ਵੱਡੀ ਨਿਰਾਸ਼ਾ ਹੈ ਕਿਉਂਕਿ ਇਸ ਸੀਜ਼ਨ ਵਿੱਚ ਇਹ ਮੇਰੇ ਮੁੱਖ ਟੀਚਿਆਂ ਵਿੱਚੋਂ ਇੱਕ ਸੀ। ਮੈਂ ਇਸ ਬਹੁਤ ਮਹੱਤਵਪੂਰਨ ਟੂਰਨਾਮੈਂਟ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਪ੍ਰਾਪਤ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦਾ ਸੀ। “ਡਾਕਟਰ ਨੇ ਮੈਨੂੰ ਓਲੰਪਿਕ ਵਿੱਚ ਹਿੱਸਾ ਨਾ ਲੈਣ ਦੀ ਸਲਾਹ ਦਿੱਤੀ ਹੈ।”
ਦੱਸ ਦਈਏ ਕਿ ਜਨਵਰੀ ‘ਚ ਆਸਟ੍ਰੇਲੀਅਨ ਓਪਨ ਨਾਲ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲਾ ਸਿਨਰ ਪਿਛਲੇ ਮਹੀਨੇ ਫ੍ਰੈਂਚ ਓਪਨ ਦੇ ਸੈਮੀਫਾਈਨਲ ‘ਚ ਪਹੁੰਚ ਕੇ ਏਟੀਪੀ ਰੈਂਕਿੰਗ ‘ਚ ਦੁਨੀਆ ਦਾ ਨੰਬਰ ਇਕ ਖਿਡਾਰੀ ਬਣ ਗਿਆ ਸੀ। ਓਲੰਪਿਕ ਟੈਨਿਸ ਦਾ ਡਰਾਅ ਵੀਰਵਾਰ ਨੂੰ ਹੋਵੇਗਾ, ਜਦਕਿ ਮੈਚ ਸ਼ਨੀਵਾਰ ਨੂੰ ਸ਼ੁਰੂ ਹੋਣਗੇ।