- 290 ਦੌੜਾਂ ਨਾਲ ਜਿੱਤਣ ਦਾ ਰਿਕਾਰਡ ਵੀ ਬਣਾਇਆ
ਨਵੀਂ ਦਿੱਲੀ, 24 ਅਕਤੂਬਰ 2024 – ਜ਼ਿੰਬਾਬਵੇ ਨੇ ਬੁੱਧਵਾਰ ਨੂੰ ਗਾਂਬੀਆ ਖਿਲਾਫ 20 ਓਵਰਾਂ ‘ਚ 4 ਵਿਕਟਾਂ ‘ਤੇ 344 ਦੌੜਾਂ ਬਣਾਈਆਂ। ਇਹ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਪਿਛਲਾ ਰਿਕਾਰਡ ਨੇਪਾਲ ਦੇ ਨਾਂ ਸੀ, ਉਸ ਨੇ ਮੰਗੋਲੀਆ ਖਿਲਾਫ 314 ਦੌੜਾਂ ਬਣਾਈਆਂ ਸਨ।
ਇਸ ਦੇ ਨਾਲ ਹੀ ਜ਼ਿੰਬਾਬਵੇ ਨੇ ਇਹ ਮੈਚ 290 ਦੌੜਾਂ ਨਾਲ ਜਿੱਤ ਲਿਆ। ਟੀ-20 ਇੰਟਰਨੈਸ਼ਨਲ ‘ਚ ਦੌੜਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਜਿੱਤ ਹੈ। ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ ਮੈਚ ਵਿੱਚ 33 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਉਸ ਨੇ 43 ਗੇਂਦਾਂ ‘ਤੇ 133 ਦੌੜਾਂ ਦੀ ਪਾਰੀ ਖੇਡੀ। ਇਹ ਮੈਚ ਨੈਰੋਬੀ ਵਿੱਚ ਟੀ-20 ਵਿਸ਼ਵ ਕੱਪ ਕੁਆਲੀਫਾਇਰ ਦੇ ਹਿੱਸੇ ਵਜੋਂ ਖੇਡਿਆ ਗਿਆ ਸੀ।
ਜ਼ਿੰਬਾਬਵੇ ਨੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜ਼ਿੰਬਾਬਵੇ ਲਈ ਸਲਾਮੀ ਬੱਲੇਬਾਜ਼ ਬ੍ਰਾਇਨ ਬੇਨੇਟ ਅਤੇ ਮਾਰੂਮਾਨੀ ਨੇ 5.4 ਓਵਰਾਂ ‘ਚ 98 ਦੌੜਾਂ ਦੀ ਸਾਂਝੇਦਾਰੀ ਕੀਤੀ। ਮਾਰੂਮਣੀ ਨੇ 19 ਗੇਂਦਾਂ ਵਿੱਚ 62 ਅਤੇ ਬੇਨੇਟ ਨੇ 26 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਕਪਤਾਨ ਸਿਕੰਦਰ ਰਜ਼ਾ ਨੇ ਸਭ ਤੋਂ ਵੱਧ ਨਾਬਾਦ 133 ਦੌੜਾਂ ਬਣਾਈਆਂ। ਉਸ ਨੇ ਇਸ ਪਾਰੀ ‘ਚ 15 ਛੱਕੇ ਅਤੇ 7 ਚੌਕੇ ਲਗਾਏ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 344 ਦੌੜਾਂ ਬਣਾਈਆਂ। ਜਵਾਬ ‘ਚ ਗਾਂਬੀਆ ਦੀ ਟੀਮ 14.4 ਓਵਰਾਂ ‘ਚ 54 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਜ਼ਿੰਬਾਬਵੇ ਦੀ ਟੀਮ ਨੇ ਇਹ ਮੈਚ 290 ਦੌੜਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਜ਼ਿੰਬਾਬਵੇ ਨੇ ਟੀ-20 ਇੰਟਰਨੈਸ਼ਨਲ ‘ਚ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਵੀ ਬਣਾ ਲਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਨੇਪਾਲ ਦੇ ਨਾਂ ਸੀ, ਜਿਸ ਨੇ ਪਿਛਲੇ ਸਾਲ ਮੰਗੋਲੀਆ ਨੂੰ 273 ਦੌੜਾਂ ਨਾਲ ਹਰਾਇਆ ਸੀ।