- ਮਹਾਂਮਾਰੀ ਐਕਟ ਅਧੀਨ ਸਰਕਾਰ ਆਪਣੇ ਅਧੀਨ ਲੈ ਸਕਦੀ ਹੈ ਕੋਈ ਵੀ ਹਸਪਤਾਲ
- ਆਈ.ਐੱਮ.ਏ. ਵੱਲੋਂ ਹਰ ਪੱਖ ਤੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ
- ਲੋਕ ਆਪਣੀਆਂ ਸ਼ਿਕਾਇਤਾਂ 104 ਹੈਲਪ ਲਾਈਨ ’ਤੇ ਕਰਵਾ ਸਕਦੇ ਹਨ ਦਰਜ਼
- ਸਿਹਤ ਮੰਤਰੀ ਵੱਲੋਂ ਵਧੀਆ ਕੰਮ ਕਰ ਰਹੇ ਡਾਕਟਰਾਂ ਤੇ ਪੈਰਾ- ਮੈਡੀਕਲ ਸਟਾਫ ਦੀ ਸ਼ਲਾਘਾ ਅਤੇ ਤਹਿ ਦਿਲੋਂ ਧੰਨਵਾਦ
- ਕੁਝ ਇੱਕ ਕਾਲੀਆਂ ਭੇਡਾਂ ਕਰਕੇ ਡਾਕਟਰੀ ਪੇਸ਼ੇ ਦਾ ਹੁੰਦਾ ਹੈ ਅਕਸ ਖਰਾਬ
ਚੰਡੀਗੜ੍ਹ, 18 ਮਈ 2021 – ਕੋਵਿਡ -19 ਮਹਾਂਮਾਰੀ ਦੌਰਾਨ ਮਰੀਜਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਉਨਾਂ ਦੀ ਆਰਥਿਕ ਲੁੱਟ ਕਰਨ ਵਾਲੇ ਹਸਪਤਾਲਾਂ ਖਿਲਾਫ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਗੱਲ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸੂਬਾ ਪੱਧਰੀ ਕਮੇਟੀ ਨਾਲ ਕੀਤੀ ਵਰਚੁਅਲ ਮੀਟਿੰਗ ਦੌਰਾਨ ਕੀਤਾ।
ਉਨਾਂ ਕਿਹਾ ਕੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਸਰਕਾਰ ਦੁਆਰਾ ਤਹਿ ਰੇਟਾਂ ਤੋਂ ਵੱਧ ਪੈਸੇ ਵਸੂਲਣ ਦੀ ਕਈ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਅਜਿਹਾ ਕਰਨ ਵਾਲੇ ਕਿਸੇ ਵੀ ਹਸਪਤਾਲ ਨੂੰ ਬਖਸ਼ਿਆ ਨਹੀਂ ਜਾਵੇਗਾ ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜੋ ਵੀ ਕੰਮ ਕੀਤਾ ਜਾਵੇ ਉਹ ਸਰਬੱਤ ਦੇ ਭਲੇ ਲਈ ਹੋਵੇ ਪਰ ਜੇਕਰ ਕੋਈ ਹਸਪਤਾਲ ਜਾਂ ਡਾਕਟਰ ਕਿਸੇ ਵੀ ਮਰੀਜ਼ ਦੀ ਲੁੱਟ-ਖਸੁੱਟ ਕਰਦੇ ਹਨ ਤਾਂ ਸਰਕਾਰ ਨੂੰ ਉਨਾਂ ਖਿਲਾਫ ਸਖਤ ਕਾਰਵਾਈ ਲਈ ਮਜਬੂਰ ਹੋਣਾ ਪਵੇਗਾ ਮਹਾਂਮਾਰੀ ਐਕਟ ਦੇ ਅਧੀਨ ਸਰਕਾਰ ਦੇ ਕੋਲ ਇਹ ਅਧਿਕਾਰ ਹੈ ਕਿ ਅਜਿਹਾ ਕਰਨ ਵਾਲੇ ਹਸਪਤਾਲਾਂ ਨੂੰ ਸਰਕਾਰ ਬੰਦ ਕਰ ਸਕਦੀ ਹੈ ਜਾਂ ਫਿਰ ਆਪਣੇ ਅਧੀਨ ਲੈ ਕੇ ਚਲਾ ਸਕਦੀ ਹੈ।
ਉਨਾਂ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮਰੀਜ਼ ਦੀ ਮਜਬੂਰੀ ਦਾ ਫਾਇਦਾ ਨਾ ਚੁੱਕਿਆ ਜਾਵੇ ਅਤੇ ਇਸਨੂੰ ਇੱਕ ਚੇਤਾਵਨੀ ਸਮਝਿਆ ਜਾਵੇ ਤੇ ਸਰਕਾਰ ਨੂੰ ਕੋਈ ਸਖਤ ਕਾਰਵਾਈ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਉਨਾਂ ਕਿਹਾ ਕਿ ਇਸ ਔਖੀ ਘੜੀ ਦੌਰਾਨ ਸਾਡੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ (ਜਿਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਾਰੇ ਸ਼ਾਮਿਲ ਹਨ) ਨੇ ਲੋਕਾਂ ਦੀ ਸੇਵਾ ਦਾ ਇੱਕ ਵਧੀਆ ਉਦਾਹਰਣ ਪੇਸ਼ ਕੀਤੀ ਹੈ ਅਤੇ ਜੀਅ-ਜਾਨ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ ਪਰ ਕੁਝ ਕਾਲੀਆਂ ਭੇਡਾਂ ਹਨ ਜੋ ਇਹਨਾਂ ਹਾਲਾਤਾਂ ਦਾ ਗ਼ਲਤ ਫਾਇਦਾ ਚੁੱਕ ਕੇ ਲੋਕਾਂ ਨੂੰ ਠੱਗ ਰਹੀਆਂ ਹਨ ਜਿਸ ਨਾਲ ਕਿ ਪੂਰੇ ਪੇਸ਼ੇ ਦਾ ਅਕਸ ਖਰਾਬ ਹੋ ਸਕਦਾ ਹੈ ਉਨਾਂ ਅਜਿਹੇ ਗੈਰ ਕਾਨੂੰਨੀ ਅਨਸਰਾਂ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਉਹ ਤੁਰੰਤ ਪ੍ਰਭਾਵ ਨਾਲ ਗ਼ਲਤ ਕਾਰਵਾਈਆਂ ਨੂੰ ਬੰਦ ਕਰਨ ਅਤੇ ਨਹੀਂ ਤਾਂ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਦਵਾਈਆਂ ਅਤੇ ਆਕਸੀਜਨ ਦੀ ਕਾਲਾ ਬਾਜਾਰੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਕਸੀਜਨ ਦੀ ਗੁਣਵੱਤਾ ਜਾਂ ਰਿਫਿਲ ਕੀਤੇ ਸਿਲੰਡਰਾਂ ਵਿੱਚ ਘੱਟ ਆਕਸੀਜਨ ਭਰਨ ਦੇ ਮੁੱਦੇ ਤੇ ਉਨਾਂ ਕਿਹਾ ਕਿ ਅਜਿਹਾ ਕਰਨ ਵਾਲੇ ਵੈਂਡਰਾਂ ਖਿਲਾਫ ਵੀ ਸਰਕਾਰ ਕਾਨੂੰਨੀ ਕਦਮ ਚੁੱਕ ਰਹੀ ਹੈ ਉਨਾਂ ਕਿਹਾ ਕਿ ਸੂਬਾ ਪੱਧਰੀ ਇੱਕ ਕਮੇਟੀ ਵੱਲੋਂ ਜਲਦ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ ਹੋਏ ਕੋਵਿਡ ਮਰੀਜਾਂ ਦੇ ਇਲਾਜ ਦਾ ਆਡਿਟ ਵੀ ਕੀਤਾ ਜਾਵੇਗਾ ਉਨਾਂ ਕਿਹਾ ਕਿ ਲੋਕ ਆਪਣੀਆਂ ਸ਼ਿਕਾਇਤਾਂ ਵਿਭਾਗ ਦੇ ਟੋਲ ਫ੍ਰੀ ਨੰਬਰ 104 ਤੇ ਦਰਜ ਕਰਵਾ ਸਕਦੇ ਹਨ ਜਿਸ ਤੇ ਕਿ ਤੁਰੰਤ ਕਾਰਵਾਈ ਕੀਤੀ ਜਾਵੇਗੀ
ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਪੰਜਾਬਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਸਰਪੰਚਾਂ ਨਾਲ ਵੀਡੀਓ ਕਾਨਫਰੰਸ ਜਰੀਏ ਗੱਲਬਾਤ ਕੀਤੀ ਜਾਵੇਗੀ ਅਤੇ ਪਿੰਡਾਂ ਵਿੱਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ
ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੁਆਰਾ ਵਿਸਵਾਸ ਦਵਾਇਆ ਗਿਆ ਕਿ ਉਹ ਪੂਰੀ ਤਰਾਂ ਸੂਬਾ ਸਰਕਾਰ ਨਾਲ ਹਨ, ਜੇਕਰ ਕੋਈ ਹਸਪਤਾਲ ਮਰੀਜਾਂ ਦੀ ਲੁੱਟ-ਖਸੁੱਟ ਕਰਦਾ ਹੈ ਤਾਂ ਆਈ.ਐਮ.ਏ. ਉਸ ਡਾਕਟਰ/ਹਸਪਤਾਲ ਨੂੰ ਕਿਸੇ ਵੀ ਤਰਾਂ ਦਾ ਸਹਿਯੋਗ ਨਹੀਂ ਦੇਵੇਗੀ।
ਇਸ ਮੀਟਿੰਗ ਵਿੱਚ ਖਾਸ ਤੌਰ ਤੇ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਜੀ.ਬੀ ਸਿੰਘ, ਆਈ.ਐਮ.ਏ. ਸੂਬਾ ਪ੍ਰਧਾਨ ਡਾ. ਕੁਲਦੀਪ ਸਿੰਘ ਮਾਨ ਅਤੇ ਜ਼ਿਲਿਆਂ ਦੇ ਹੋਰ ਮੈਂਬਰ ਸ਼ਾਮਿਲ ਸਨ।