- 2012 ਬੈਚ ਦੇ ਆਈ ਏ ਐਸ ਅਧਿਕਾਰੀ ਨੇ ਐਸ ਡੀ ਐਮ ਨੰਗਲ, ਏ ਡੀ ਸੀ ਰੂਪਨਗਰ, ਏ ਡੀ ਸੀ (ਡੀ) ਲੁਧਿਆਣਾ ਤੇ ਵਧੀਕ ਕਮਿਸ਼ਨਰ ਐਮ ਸੀ ਲੁਧਿਆਣਾ ‘ਚ ਨਿਭਾਈ ਸੇਵਾ
- ਲੇਡੀ ਸ੍ਰੀਰਾਮ ਕਾਲਜ ਦਿੱਲੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਬੀ ਏ ਆਨਰਸ ਅਤੇ ਇਕਨੋਮਿਕਸ ਚ ਐਮ ਐਸ ਸੀ ਕਰ ਚੁੱਕੇ ਹਨ
- ਸੁਰਭੀ ਮਲਿਕ ਨੂੰ ਲਾਲ ਬਹਾਦਰ ਸਾਸਤਰੀ ਨੈਸਨਲ ਅਕੈਡਮੀ ਆਫ ਐਡਮਿਨਸਟੇਰਸ਼ਨ ਮੰਸੂਰੀ ਤੋਂ ਮਨੈਜਮੈਂਟ ਵਿਸ਼ੇ ਚ ਗੋਲਡ ਮੈਡਲ ਵੀ ਹੈ ਪ੍ਰਾਪਤ
ਫਤਹਿਗੜ੍ਹ ਸਾਹਿਬ, 03 ਜੂਨ 2021 – 2012 ਬੈਚ ਦੀ ਆਈ ਏ ਐਸ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਨੇ ਅੱਜ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਐਸ ਡੀ ਐਮ ਨੰਗਲ, ਏ ਡੀ ਸੀ ਰੂਪਨਗਰ, ਏ ਡੀ ਸੀ (ਡੀ) ਲੁਧਿਆਣਾ ਅਤੇ ਵਧੀਕ ਕਮਿਸ਼ਨਰ ਮਿਊਸੀਪਲ ਕਾਰਪੋਰੇਸ਼ਨ ਲੁਧਿਆਣਾ ਰਹਿ ਚੁੱਕੇ ਹਨ।
ਸੁਰਭੀ ਮਲਿਕ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਆਹੁਦਾ ਸੰਭਾਲਣ ਤੋਂ ਪਹਿਲਾ ਰਜਿੰਦਰਾ ਹਸਪਤਾਲ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਦੇ ਇੰਚਾਰਜ ਵਜੋਂ ਲਗਾਤਾਰ 11 ਮਹਿਨਿਆਂ ਤੋਂ ਬਾਖੂਬੀ ਆਪਣੀ ਸੇਵਾ ਨਿਭਾ ਰਹੇ ਸਨ। ਇਸਦੇ ਨਾਲ ਹੀ ਉਹਨਾਂ ਨੇ ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਵਜੋਂ ਵੀ ਕਾਰਜਭਾਰ ਰਹੇ ਸਨ। ਇਸਦੇ ਨਾਲ ਨਾਲ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਰਜਿਸਟਰਾਰ ਵਜੋ ਵੀ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ।
ਸ੍ਰੀਮਤੀ ਸੁਰਭੀ ਮਲਿਕ ਨੇ ਲੇਡੀ ਸ੍ਰੀਰਾਮ ਕਾਲਜ ਦਿੱਲੀ ਤੋਂ ਆਪਣੀ ਕਾਲਜ ਦੀ ਸਿੱਖਿਆ ਲੈਣ ਤੋਂ ਬਾਅਦ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਬੀ ਏ ਆਨਰਸ ਦੀ ਡਿਗਰੀ ਹਾਸਿਲ ਕੀਤੀ ਅਤੇ ਉਨ੍ਹਾਂ ਨੇ ਕਾਮਨਵੈਲਥ ਸਕਾਲਰ ਦੇ ਰੂਪ ਵਿੱਚ ਇਕਨੋਮਿਕਸ ਚ ਐਮ ਐਸ ਸੀ ਦੀ ਡਿਗਰੀ ਵੀ ਪ੍ਰਾਪਤ ਕੀਤੀ।
ਸ੍ਰੀਮਤੀ ਸੁਰਭੀ ਮਲਿਕ ਨੂੰ ਲਾਲ ਬਹਾਦਰ ਸਾਸਤਰੀ ਨੈਸਨਲ ਅਕੈਡਮੀ ਆਫ ਐਡਮਿਨਸਟੇਰਸ਼ਨ ਮੰਸੂਰੀ ਤੋਂ ਮਨੈਜਮੈਂਟ ਵਿਸ਼ੇ ਚ ਡਾਇਰੈਕਟਰ ਗੋਲਡ ਮੈਡਲ ਵੀ ਪ੍ਰਾਪਤ ਹੈ।
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਆਹੁਦਾ ਸੰਭਾਲਣ ਤੋਂ ਪਹਿਲਾਂ ਉਹ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਮੱਥਾ ਟੇਕਿਆ।
ਇਸ ਮੌਕੇ ਉਹਨ੍ਹਾਂ ਜਿਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਉਹ ਜਿਲ੍ਹਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਗੇ ਅਤੇ ਜਿਲ੍ਹੇ ਦੇ ਵਿਕਾਸ ਪ੍ਰਤੀ ਤਨਦੇਹੀ ਨਾਲ ਕੰਮ ਕਰਦੇ ਹੋਏ ਇਸਨੂੰ ਨਵੀਂ ਬੁਲੰਦੀਆਂ ‘ਤੇ ਲੈ ਕੇ ਜਾਣ ਦੀ ਕੋਸ਼ਿਸ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਬੜੇ ਭਾਗਸ਼ਾਲੀ ਸਮਝਦੇ ਹਨ ਕਿ ਉਹਨ੍ਹਾਂ ਨੂੰ ਸ਼ਹੀਦਾਂ ਦੀ ਇਸ ਇਤਿਹਾਸਕ ਧਰਤੀ ‘ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਸ੍ਰੀਮਤੀ ਸੁਰਭੀ ਮਲਿਕ ਵੱਲੋਂ ਆਹੁਦਾ ਸੰਭਾਲਣ ਸਮੇਂ ਜਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐਸ ਡੀ ਐਮ ਫਤਹਿਗੜ੍ਹ ਸਾਹਿਬ ਡਾ ਸੰਜੀਵ ਕੁਮਾਰ, ਐਸ ਡੀ ਐਮ ਬਸੀ ਪਠਾਣਾ ਸ਼੍ਰੀ ਜਸਪ੍ਰੀਤ ਸਿੰਘ,ਐਸ ਡੀ ਐਮ ਖਮਾਣੋ ਸ਼੍ਰੀ ਅਰਵਿੰਦ ਕੁਮਾਰ ਗੁਪਤਾ, ਐਸ ਡੀ ਐਮ ਅਮਲੋਹ ਸ੍ਰੀ ਆਨੰਦ ਸਾਗਰ ਸ਼ਰਮਾਂ, ਐਸ ਪੀ ਹਰਪਾਲ ਸਿੰਘ, ਡੀ ਐਸ ਪੀ ਹਰਦੀਪ ਸਿੰਘ ਬਡੂੰਗਰ, ਡੀ ਐਸ ਪੀ ਪ੍ਰਿਥਵੀ ਸਿੰਘ ਚਾਹਲ, ਸਮੂਹ ਤਹਿਸੀਲਦਾਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।