ਨਵੀਂ ਦਿੱਲੀ, 5 ਜੂਨ 2021 – ਡੋਮੀਨਿਕਾ ਤੋਂ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਵਾਪਸ ਭਾਰਤ ਲਿਆਉਣ ਲਈ ਭੇਜੀ ਗਈ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਟੀਮ ਖਾਲੀ ਹੱਥ ਵਾਪਸ ਪਰਤ ਆਈ ਹੈ। ਅਫਸਰਾਂ ਦੀ ਟੀਮ ਚੋਕਸੀ ਨੂੰ ਵਾਪਸ ਲਿਆਉਣ ਲਈ ਡੋਮੀਨਿਕਾ ਵਿਚ ਤਕਰੀਬਨ ਸੱਤ ਦਿਨ ਰੁਕੀ, ਜੋ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਵਿਚ ਲੋੜੀਂਦਾ ਸੀ।
ਚੋਕਸੀ ਦੇ ਵਕੀਲਾਂ ਨੇ ਡੋਮੀਨਿਕਾ ਹਾਈ ਕੋਰਟ ਵਿੱਚ ਇੱਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਸੁਣਵਾਈ ਵੀਰਵਾਰ ਨੂੰ ਮੁਲਤਵੀ ਕਰ ਦਿੱਤੀ ਗਈ। ਇਹ ਪਟੀਸ਼ਨ ਕਿਸੇ ਗਿਰਫਤਾਰ ਕੀਤੇ ਗਏ ਵਿਅਕਤੀ ਜਾਂ ਅਦਾਲਤ ਵਿਚ ਗੈਰ ਕਾਨੂੰਨੀ ਢੰਗ ਨਾਲ ਨਜ਼ਰਬੰਦ ਕੀਤੇ ਗਏ ਵਿਅਕਤੀ ਦੀ ਪੇਸ਼ਕਸ਼ ਲਈ ਬੇਨਤੀ ਕਰਨ ਲਈ ਦਾਇਰ ਕੀਤੀ ਜਾਂਦੀ ਹੈ।
ਬੁੱਧਵਾਰ ਨੂੰ, ਜੱਜ ਨੇ ਚੋਕਸੀ ਨੂੰ ਡੋਮੀਨਿਕਾ ਵਿੱਚ ਗੈਰਕਾਨੂੰਨੀ ਦਾਖਲੇ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਇੱਕ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਦਿੱਤਾ। ਦੱਸ ਦੇਈਏ ਕਿ ਚੋਕਸੀ 23 ਮਈ ਨੂੰ ਰਹੱਸਮਈ ਹਾਲਤਾਂ ਵਿੱਚ ਐਂਟੀਗੁਆ ਅਤੇ ਬਾਰਬੂਡਾ ਤੋਂ ਲਾਪਤਾ ਹੋ ਗਿਆ ਸੀ। ਬਾਅਦ ਵਿਚ ਉਸ ਨੂੰ ਡੋਮਿਨਿਕਾ ਵਿਚ ਗੈਰਕਾਨੂੰਨੀ ਤੌਰ ‘ਤੇ ਦਾਖਲ ਹੋਣ ਲਈ ਫੜਿਆ ਗਿਆ ਸੀ।