ਨਵੀਂ ਦਿੱਲੀ, 24 ਫਰਵਰੀ 2021 – ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਕਿਸਾਨ ਪਾਰਲੀਮੈਂਟ ਦਾ ਘਿਰਾਓ ਕਰਨਗੇ। ਇਸ ਦੇ ਨਾਲ ਹੀ ਟਿਕੈਤ ਨੇਂ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਕਿਉਂਕਿ ‘ਦਿੱਲੀ ਮਾਰਚ’ ਦਾ ਸੱਦਾ ਕਦੇ ਵੀ ਦਿੱਤਾ ਜਾ ਸਕਦਾ ਹੈ।
ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਸੀਕਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਸੰਸਦ ਘਿਰਾਓ ਦਾ ਸੱਦਾ ਦਿੱਤਾ ਜਾਵੇਗਾ। ਜਲਦ ਹੀ ਇਸ ਦਾ ਐਲਾਨ ਕੀਤਾ ਜਾਵੇਗਾ ਤੇ ਦਿੱਲੀ ਵੱਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਵਾਰ ਚਾਰ ਲੱਖ ਟਰੈਕਟਰਾਂ ਦੀ ਥਾਂ 40 ਲੱਖ ਟਰੈਕਟਰ ਹੋਣਗੇ।
26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਬਾਰੇ ਬੋਲਦਿਆਂ ਟਿਕੈਤ ਨੇ ਕਿਹਾ ਕਿ ’26 ਜਨਵਰੀ ਦੇ ਮਾਮਲੇ ਵਿਚ ਦੇਸ਼ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਦੇਸ਼ ਦੇ ਕਿਸਾਨ ਤਿਰੰਗੇ ਨੂੰ ਪਿਆਰ ਕਰਦੇ ਹਨ ਪਰ ਰਾਜਨੀਤਕ ਆਗੂਆਂ ਨੂੰ ਨਹੀਂ।’
ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਖੁੱਲ੍ਹੀ ਚੁਣੌਤੀ ਹੈ ਕਿ ਜੇ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਅਤੇ ਐਮ.ਐਸ.ਪੀ ‘ਤੇ ਗਰੰਟੀ ਨਹੀਂ ਦਿੰਦੀ ਤਾਂ ਕਿਸਾਨ ਵੱਡੀਆਂ ਕੰਪਨੀਆਂ ਦੇ ਗੋਦਾਮਾਂ ਨੂੰ ਢਾਹ ਦੇਣਗੇ। ਇਸ ਦੇ ਲਈ ਯੂਨਾਈਟਿਡ ਫਰੰਟ ਵੀ ਜਲਦੀ ਇੱਕ ਤਾਰੀਕ ਦੇਵੇਗਾ।