ਸ਼ੰਭੂ ਬਾਰਡਰ, 21 ਫਰਵਰੀ 2024 – ਪੰਜਾਬ ਦੇ ਕਿਸਾਨ ਅੱਜ (ਬੁੱਧਵਾਰ) ਸਵੇਰੇ 11 ਵਜੇ ਦਿੱਲੀ ਵੱਲ ਮਾਰਚ ਕਰਨਗੇ। ਕਿਸਾਨਾਂ ਦਾ ਕਾਫਲਾ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਰਵਾਨਾ ਹੋਵੇਗਾ। ਇਸ ਤੋਂ ਇਲਾਵਾ ਕਿਸਾਨ ਖਨੌਰੀ ਬਾਰਡਰ ਤੋਂ ਵੀ ਹਰਿਆਣਾ ਵਿਚ ਦਾਖਲ ਹੋਣਗੇ। ਇੱਥੋਂ ਉਹ ਟਰੈਕਟਰ-ਟਰਾਲੀਆਂ ਵਿੱਚ ਦਿੱਲੀ ਵੱਲ ਜਾਣਗੇ।
ਐਤਵਾਰ ਨੂੰ ਕਿਸਾਨਾਂ ਤੇ ਸਰਕਾਰਾਂ ਵਿਚਾਲੇ ਚੌਥੇ ਦੌਰ ਦੀ ਮੀਟਿੰਗ ਹੋਈ, ਜਿਸ ‘ਚ ਸਰਕਾਰ ਨੇ ਕਿਸਾਨਾਂ ਨੂੰ ਚਾਰ ਫਸਲਾਂ ‘ਤੇ ਪੰਜ ਸਾਲ ਦਾ ਕੰਟਰੈਕਟ ਦੇਣ ਦਾ ਪ੍ਰਸਤਾਵ ਪੇਸ਼ ਕੀਤਾ, ਪਰ ਗੱਲ ਸਿਰੇ ਨਹੀਂ ਚੜ੍ਹ ਸਕੀ। ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਦਿੱਲੀ ਮਾਰਚ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੇਸੀਬੀ ਮਸ਼ੀਨਾਂ ਦੇ ਨਾਲ-ਨਾਲ ਵੱਡੀਆਂ ਪੋਕਲੇਨ ਮਸ਼ੀਨਾਂ ਵੀ ਪੁਲੀਸ ਬੈਰੀਕੇਡ ਤੋੜਨ ਲਈ ਸ਼ੰਭੂ ਸਰਹੱਦ ’ਤੇ ਪੁੱਜ ਗਈਆਂ ਹਨ। ਇਨ੍ਹਾਂ ਮਸ਼ੀਨਾਂ ਨੂੰ ਪੁਲਿਸ ਦੇ ਅੱਥਰੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਤੋਂ ਬਚਾਉਣ ਲਈ ਵੀ ਸੋਧਿਆ ਗਿਆ ਹੈ। ਪੂਰੇ ਕੈਬਿਨ ਨੂੰ ਲੋਹੇ ਦੀਆਂ ਮੋਟੀਆਂ ਚਾਦਰਾਂ ਨਾਲ ਢੱਕ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਪੰਜਾਬ ਤੋਂ ਭਾਰੀ ਮਸ਼ੀਨਰੀ ਲੈ ਕੇ ਸ਼ੰਭੂ ਬਾਰਡਰ ਵੱਲ ਜਾ ਰਹੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਨਾਕਾਬੰਦੀ ਨੂੰ ਲੈ ਕੇ ਝੜਪ ਹੋ ਗਈ ਸੀ। ਇਸ ਵਿੱਚ ਸ਼ੰਭੂ ਥਾਣੇ ਦੇ ਐਸਐਚਓ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਅਤੇ ਮੁਹਾਲੀ ਦੇ ਐਸਪੀ ਜਗਵਿੰਦਰ ਸਿੰਘ ਚੀਮਾ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਸ ਦੇ ਨਾਲ ਹੀ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਸ਼ੰਭੂ ਸਰਹੱਦ ‘ਤੇ ਘੱਗਰ ਨਦੀ ‘ਤੇ ਬਣੇ ਪੁਲ ‘ਤੇ ਸੀਮਿੰਟ ਦੇ ਗਾਰਡਰ ਅਤੇ ਕੰਡਿਆਲੀ ਤਾਰਾਂ ਨਾਲ ਬੈਰੀਕੇਡ ਲਗਾ ਦਿੱਤੇ ਹਨ। ਇਸ ਨੂੰ ਤੋੜਨ ਲਈ ਕਿਸਾਨ ਜੇਸੀਬੀ, ਹਾਈਡ੍ਰੌਲਿਕ ਕਰੇਨ ਅਤੇ ਬੁਲੇਟ ਪਰੂਫ ਪੋਕਲੇਨ ਮਸ਼ੀਨ ਵੀ ਲੈ ਕੇ ਆਏ ਹਨ।
ਕਿਸਾਨ ਆਗੂਆਂ ਦੀ ਰਣਨੀਤੀ ਅਨੁਸਾਰ ਸਵੇਰੇ 6 ਵਜੇ ਟਰੈਕਟਰ ਲਾਈਨ ਵਿੱਚ ਖੜ੍ਹੇ ਕਰ ਦਿੱਤੇ ਜਾਣਗੇ। ਸ਼ੰਭੂ ਸਰਹੱਦ ‘ਤੇ 1200 ਦੇ ਕਰੀਬ ਟਰੈਕਟਰ ਅਤੇ ਖਨੌਰੀ ਸਰਹੱਦ ‘ਤੇ 800 ਟਰੈਕਟਰ ਖੜ੍ਹੇ ਹਨ। ਉਨ੍ਹਾਂ ਦੀ ਗਿਣਤੀ ਵਧ ਸਕਦੀ ਹੈ।
ਅੱਜ ਅੰਦੋਲਨ ਦਾ 9ਵਾਂ ਦਿਨ ਹੈ। ਅੱਠ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਵੱਖ-ਵੱਖ ਕਾਰਨਾਂ ਕਰਕੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ 2 ਕਿਸਾਨ ਅਤੇ 2 ਪੁਲਿਸ ਸਬ-ਇੰਸਪੈਕਟਰ ਸ਼ਾਮਲ ਹਨ।